ਪੱਤਰ ਪ੍ਰੇਰਕ
ਸ਼ਾਹਕੋਟ, 16 ਜੁਲਾਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸ਼ਾਹਕੋਟ ਨੇ ਪਿੰਡ ਜਾਫਰਵਾਲ ਵਿਚ ਜ਼ੋਨ ਪ੍ਰਧਾਨ ਜਰਨੈਲ ਸਿੰਘ ਰਾਮੇ ਦੀ ਪ੍ਰਧਾਨਗੀ ਹੇਠ ਮੀਟਿੰਗ ਕਰ ਕੇ ਚੌਗਿਰਦੇ ਤੇ ਪਾਣੀਆਂ ਨੂੰ ਬਚਾਉਣ ਲਈ ਲਾਮਬੰਦੀ ਕਰਨ ਦਾ ਸੱਦਾ ਦਿੱਤਾ। ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਹਾਕਮ ਕੁਦਰਤ ਵੱਲੋਂ ਬਖਸ਼ੀ ਪਾਣੀਆਂ ਦੀ ਵਢਮੁੱਲੀ ਦਾਤ ਨੂੰ ਵੀ ਕਾਰਪੋਰੇਟਾਂ ਹਵਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਤੇ ਪਾਣੀਆਂ ਨੂੰ ਕਾਰਪੋਰੇਟਾਂ ਤੋਂ ਬਚਾਉਣ ਲਈ ਉਨ੍ਹਾਂ ਦੀ ਜਥੇਬੰਦੀ 21 ਜੁਲਾਈ ਨੂੰ ਪੰਜਾਬ ਭਰ ਵਿੱਚ ਧਰਨੇ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਧਰਨਿਆਂ ਨੂੰ ਕਾਮਯਾਬ ਕਰਨ ਨਾਲ ਹੀ ਦਰਿਆਵਾਂ, ਵੇਈਆਂ ਅਤੇ ਨਹਿਰਾਂ ਵਿੱਚ ਪਾਏ ਜਾ ਰਹੇ ਸੀਵਰੇਜ ਦੇ ਪਾਣੀਆਂ ’ਤੇ ਰੋਕ ਲਗਾਈ ਜਾ ਸਕਦੀ ਹੈ। ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਤੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਕਿਸਾਨਾਂ ਨੂੰ 21 ਜੁਲਾਈ ਦੇ ਧਰਨਿਆਂ ਵਿੱਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।