ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 17 ਜੁਲਾਈ
ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਆਦਮਪੁਰ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਪੁਲ ਦੇ ਕੰਮ ਨੂੰ ਲੈ ਕੇ ਪੁਲ ਸੰਘਰਸ਼ ਕਮੇਟੀ ਆਦਮਪੁਰ ਦੀ ਮੀਟਿੰਗ ਸਥਾਨਕ ਨਗਰ ਕੌਂਸਲ ਵਿੱਚ ਕੀਤੀ ਗਈ। ਇਸ ਮੌਕੇ ਕਮੇਟੀ ਵੱਲੋਂ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਦੱਸਿਆ ਕਿ ਪੁਲ ਸੰਘਰਸ਼ ਕਮੇਟੀ ਵੱਲੋਂ ਸਰਵਿਸ ਲੇਨ ਨੂੰ ਲੈ ਕੇ 18 ਜੁਲਾਈ ਦਿਨ ਸੋਮਵਾਰ ਨੂੰ ਆਦਮਪੁਰ ਵਿੱਚ ਸੰਪੂਰਨ ਬੰਦ ਦਾ ਸੱਦਾ ਦਿੱਤਾ ਗਿਆ ਸੀ ਪਰ ਉਸ ਦਿਨ ਹੋਣ ਵਾਲੀ ਰਾਸ਼ਟਰਪਤੀ ਚੋਣ ਨੂੰ ਧਿਆਨ ਵਿੱਚ ਰੱਖਦਿਆਂ 20 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। 20 ਨੂੰ ਦਿੱਤੇ ਪ੍ਰੋਗਰਾਮ ਮੁਤਾਬਕ ਆਦਮਪੁਰ ਵਿੱਚ ਪੂਰਨ ਤੌਰ ’ਤੇ ਬੰਦ ਰੱਖ ਪ੍ਰਦਰਸ਼ਨ ਦੀ ਰੂਪ ਰੇਖਾ ਪਹਿਲਾਂ ਵਾਂਗ ਹੀ ਰੱਖੀ ਜਾਵੇਗੀ। ਇਸ ਮੌਕੇ ਸਮੂਹ ਮੈਂਬਰਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਸ ਦਿਨ ਦਿੱਤੇ ਪ੍ਰੋਗਰਾਮ ਅੰਦਰ ਸ਼ਹਿਰ ਸੰਪੂਰਨ ਤੌਰ ’ਤੇ ਬੰਦ ਰਹੇਗਾ ਤੇ ਸਮੂਹ ਸ਼ਹਿਰ ਵਾਸੀਆਂ ਵੱਲੋਂ ਪੁਲ ਦਾ ਕੰਮ ਰੁਕ ਜਾਣ ਕਾਰਨ ਭੋਗੇ ਜਾ ਰਹੇ ਸੰਤਾਪ ਨੂੰ ਮੁੱਖ ਰੱਖਦਿਆਂ ਇਸ ਦਿਨ ਮੁੱਖ ਮਾਰਗ ’ਤੇ ਪ੍ਰਦਰਸ਼ਨ ਹੋਵੇਗਾ ਤੇ ਬਾਜ਼ਾਰ ਬੰਦ ਕਾਰਨ ਦੇ ਨਾਲ-ਨਾਲ ਸਾਰੀ ਆਵਾਜਾਈ ਵੀ ਜਾਮ ਕਰ ਦਿੱਤੀ ਜਾਵੇਗੀ।