ਜੇਬੀ ਸੇਖੋਂ
ਗੜ੍ਹਸ਼ੰਕਰ, 26 ਅਗਸਤ
ਸੀਪੀਆਈ (ਐੱਮ) ਦੇ ਸਥਾਨਕ ਯੂਨਿਟ ਦੀ 23ਵੀਂ ਜਥੇਬੰਦਕ ਕਾਨਫਰੰਸ ਅੱਜ ਕਾਮਰੇਡ ਰਘੂਨਾਥ ਸਿੰਘ ਯਾਦਗਾਰੀ ਹਾਲ ਗੜ੍ਹਸ਼ੰਕਰ ਵਿੱਚ ਹੋਈ, ਜਿਸ ਮੌਕੇ ਪਾਰਟੀ ਦੀਆਂ ਵਿਚਾਰਧਾਰਕ ਨੀਤੀਆਂ ਦੇ ਮੌਜੂਦਾ ਪ੍ਰਸੰਗ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਬਜ਼ੁਰਗ ਆਗੂ ਕਾਮਰੇਡ ਤਰਸੇਮ ਸਿੰਘ ਜੱਸੋਵਾਲ ਨੇ ਕੀਤੀ ਅਤੇ ਬੀਬੀ ਸੁਰਿੰਦਰ ਕੌਰ ਚੁੰਬਰ, ਕਾਮਰੇਡ ਦਿਲਬਾਗ ਮਹਿਮੂਦ, ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਗੁਰਨੇਕ ਸਿੰਘ ਭੱਜਲ ਦੀ ਪ੍ਰਧਾਨਗੀ ਹੇਠ ਕਾਨਫਰੰਸ ਦਾ ਸੰਚਾਲਨ ਕੀਤਾ ਗਿਆ। ਇਸ ਮੌਕੇ ਆਪਣੇ ਉਦਘਾਟਨੀ ਸ਼ਬਦਾਂ ਵਿੱਚ ਸੀਪੀਐੱਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਦੇਸ਼ ਦੇ ਕਿਸਾਨਾਂ ਸਮੇਤ ਸਮੁੱਚੇ ਕਿਰਤੀ ਤੇ ਮਿਹਨਤਕਸ਼ ਵਰਗ ਨੂੰ ਸੜਕਾਂ ’ਤੇ ਉਤਰਨ ਲਈ ਮਜਬੂਰ ਕਰ ਦਿੱਤਾ ਹੈ। ਕਾਨਫਰੰਸ ਮੌਕੇ ਹਰਭਜਨ ਸਿੰਘ ਅਟਵਾਲ ਨੂੰ ਤੀਜੀ ਵਾਰ ਸੰਮਤੀ ਨਾਲ ਤਹਿਸੀਲ ਸਕੱਤਰ ਚੁਣਿਆ ਗਿਆ ਅਤੇ ਸੱਠ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ।