ਪੱਤਰ ਪ੍ਰੇਰਕ
ਭੋਗਪੁਰ, 31 ਅਕਤੂਬਰ
ਬਲਾਕ ਭੋਗਪੁਰ ਦੇ ਪਿੰਡ ਲੜੋਈ ਦੇ ਗੁਰਦਵਾਰਾ ਸਾਹਿਬ ਵਿੱਚ ਰਾਤ ਨੂੰ ਜ਼ਿੰਦਰੇ ਤੋੜ ਕੇ ਗੋਲਕ ਚੋਰ ਚੋਰੀ ਕਰਕੇ ਰਫੂ ਚੱਕਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਵਾਰਾ ਬਾਬਾ ਮੱਖਣ ਸ਼ਾਹ ਲੁਬਾਣਾ ਪਿੰਡ ਲੜੋਈ ਵਿੱਚ ਚੋਰਾਂ ਨੇ ਪਹਿਲਾਂ ਗੇਟ ਦਾ ਜਿੰਦਰਾ ਤੋੜਿਆ ਫਿਰ ਗੁਰਦਵਾਰਾ ਸਾਹਿਬ ਦੀ ਇਮਾਰਤ ਦੇ ਦਰਵਾਜ਼ੇ ਦਾ ਜਿੰਦਾ ਤੋੜ ਕੇ ਅੰਦਰ ਦਾਖਲ ਹੋਏ। ਉਹ ਗੁਰਦਵਾਰਾ ਸਾਹਿਬ ਦੀ ਗੋਲਕ ਤੇ ਡੀਵੀਡੀ ਚੋਰੀ ਕਰਕੇ ਲੈ ਗਏ। ਇਸ ਚੋਰੀ ਦਾ ਸਵੇਰੇ ਉਸ ਸਮੇਂ ਪਤਾ ਲੱਗਾ ਜਦੋਂ ਗ੍ਰੰਥੀ ਸਿੰਘ ਗੁਰਦਵਾਰਾ ਸਾਹਿਬ ਪਹੁੰਚਿਆ ਤਾਂ ਦੇਖ ਕੇ ਹੱਕਾ ਬੱਕਾ ਰਹਿ ਗਿਆ ਜਦੋਂ ਉਸ ਨੇ ਗੇਟ ਦਾ ਜਿੰਦਰਾ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਦਰਵਾਜ਼ੇ ਦਾ ਜਿੰਦਾ ਟੁੱਟਾ ਹੋਇਆ ਦੇਖਿਆ। ਉਸ ਨੇ ਉਸੇ ਵੇਲੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਰਘਵੀਰ ਸਿੰਘ ਨੂੰ ਫੋਨ ’ਤੇ ਚੋਰੀ ਦੀ ਸੂਚਨਾ ਦਿੱਤੀ। ਮੌਕੇ ’ਤੇ ਪਿੰਡ ਦੀ ਸੰਗਤ ਵੱਡੀ ਗਿਣਤੀ ’ਚ ਇਕੱਠੀ ਹੋ ਗਈ। ਜਦੋਂ ਸੰਗਤ ਨੇ ਗੁਰਦਵਾਰਾ ਸਾਹਿਬ ਦੇ ਅੰਦਰ ਜਾ ਕੇ ਦੇਖਿਆ ਤਾਂ ਗੋਲਕ ਤੇ ਡੀਵੀਡੀ ਗਾਇਬ ਸੀ।