ਪਾਲ ਸਿੰਘ ਨੌਲੀ
ਜਲੰਧਰ, 25 ਸਤੰਬਰ
ਪੰਜਾਬ ਦੀ ਸਿਆਸਤ ਹੁਣ ਜਦੋਂ ਦਲਿਤ ਮੁੱਦਿਆਂ ’ਤੇ ਕੇਂਦਰਤ ਹੁੰਦੀ ਜਾ ਰਹੀ ਹੈ ਤਾਂ ਬਹੁਜਨ ਸਮਾਜ ਪਾਰਟੀ ਵਿZਚ ਛਿੜਿਆ ਕਾਟੋ-ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਨੂੰ ਲੈ ਕੇ ਜਿਹੜੀ ਨਰਾਜ਼ਗੀ ਦੋਆਬੇ ਤੋਂ ਸ਼ੁਰੂ ਹੋਈ ਸੀ ਉਸ ਦਾ ਅਸਰ ਮਾਝੇ ਵਿੱਚ ਵੀ ਪੈਣਾ ਸ਼ੁਰੂ ਹੋ ਗਿਆ ਹੈ। ਮਾਝੇ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਬਸਪਾ ਦੇ ਸ਼ਹਿਰੀ ਪ੍ਰਧਾਨ ਤਰਸੇਮ ਸਿੰਘ ਭੋਲਾ ਬੱਸਾਂ ਵਿੱਚ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਸੂਬਾਈ ਲੀਡਰਸ਼ਿੱਪ ਨੂੰ ਮੰਗ ਪੱਤਰ ਦੇਣ ਆਏ ਸਨ, ਜਿਨ੍ਹਾਂ ਦੀ ਅੱਜ ਇਥੇ ਮੀਟਿੰਗ ਚੱਲ ਰਹੀ ਸੀ। ਪਾਰਟੀ ਦਫਤਰ ਆਏ ਵਫ਼ਦ ਨੂੰ ਘੰਟਿਆਂ ਬੱਧੀ ਦਫਤਰ ਦੇ ਬਾਹਰ ਸੜਕ ’ਤੇ ਹੀ ਇੰਤਜ਼ਾਰ ਕਰਨਾ ਪਿਆ।
ਤਰਸੇਮ ਸਿੰਘ ਭੋਲਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਮੰਗ ਪੱਤਰ ਦੇ ਦਿੱਤਾ ਤੇ ਉਹ ਬਿਨਾਂ ਕੋਈ ਟਿੱਪਣੀ ਕੀਤਿਆਂ ਵਾਪਸ ਚਲੇ ਗਏ। ਥੋੜ੍ਹੇ ਸਮੇਂ ਬਾਅਦ ਹੀ ਉਨ੍ਹਾਂ ਨੂੰ ਪਾਰਟੀ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਤੇ ਉਨ੍ਹਾਂ ਦੀ ਥਾਂ ’ਤੇ ਬਸਪਾ ਆਗੂ ਤਾਰਾ ਚੰਦ ਨੂੰ ਅੰਮ੍ਰਿਤਸਰ (ਸ਼ਹਿਰੀ) ਦਾ ਪ੍ਰਧਾਨ ਬਣਾ ਦਿੱਤਾ ਗਿਆ ਤੇ ਨਾਲ ਹੀ ਰਤਨ ਸਿੰਘ ਨੂੰ ਚੋਣ ਇੰਚਾਰਜ ਥਾਪ ਦਿੱਤਾ ਗਿਆ। ਗੱਲਬਾਤ ਦੌਰਾਨ ਤਰਸੇਮ ਸਿੰਘ ਭੋਲਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮੰਗ ਪੱਤਰ ਵਿਚ ਪੰਜ ਸਵਾਲ ਉਠਾਏ ਸਨ ਕਿ ਸੀਟਾਂ ਦਾ ਬਟਵਾਰਾ ਕਰਨ ਤੋਂ ਬਾਅਦ ਜਿਹੜਾ ਅਦਲਾ-ਬਦਲੀ ਕੀਤੀ ਜਾ ਰਹੀ ਹੈ ਉਸ ਬਾਰੇ ਕਿਸੇ ਵੀ ਜ਼ਿਲ੍ਹਾ ਪੱਧਰ ਦੀ ਕਮੇਟੀ ਅਤੇ ਵਿਧਾਨ ਸਭਾ ਦੀ ਚੋਣ ਕਮੇਟੀ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਜਾ ਰਿਹਾ। ਸ੍ਰੀ ਭੋਲਾ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਦੋ ਵਿਧਾਨ ਸਭਾ ਸੀਟਾ ਬਸਪਾ ਦੇ ਹਿੱਸੇ ਆਈਆਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਉੱਤਰੀ ਅਤੇ ਸੁਜਾਨਪੁਰ ਵਿਧਾਨ ਸਭਾ ਦੀਆਂ ਸੀਟਾਂ ਅਕਾਲੀ ਦਲ ਨੂੰ ਦੇ ਕੇ ਬਦਲੇ ਵਿਚ ਬਸਪਾ ਨੇ ਕਪੂਰਥਲਾ ਤੇ ਸ਼ਾਮਚੁਰਾਸੀ ਦੀਆਂ ਸੀਟਾਂ ਲੈ ਲਈਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਟਾਂਡਾ ਵਿਧਾਨ ਸਭਾ ਹਲਕੇ ਤੋਂ ਲਖਵਿੰਦਰ ਲੱਖੀ ਨੂੰ ਬਸਪਾ ਨੇ ਉਮੀਦਵਾਰ ਬਣਾਇਆ ਹੈ ਜਦਕਿ ਉਹ ਅਕਾਲੀ ਦਲ ਛੱਡ ਕੇ ਪਾਰਟੀ ’ਚ ਥੋੜ੍ਹੇ ਦਿਨ ਪਹਿਲਾਂ ਹੀ ਸ਼ਾਮਲ ਹੋਇਆ ਸੀ।
ਗੜ੍ਹੀ ਦੀ ਅਗਵਾਈ ਹੇਠ ਹੋਈ ਬਸਪਾ ਦੀ ਮੀਟਿੰਗ
ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਅੱਜ ਇਥੇ ਪੰਜਾਬ ਦੇ ਰਾਜਨੀਤਕ ਹਾਲਾਤਾਂ ਦੇ ਮੱਦੇਨਜ਼ਰ ਵਿਸ਼ੇਸ਼ ਮੰਥਨ ਮੀਟਿੰਗ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿਚ ਪਾਰਟੀ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਵਿਚਾਰ ਮੰਥਨ ਬਾਅਦ ਬਾਮਸੈਫ ਡੀਐੱਸਫੋਰ ਬਸਪਾ ਬਾਨੀ ਸਾਹਿਬ ਕਾਂਸੀ ਰਾਮ ਦੇ ਬਰਸੀ ਸਮਾਗਮ ਪ੍ਰੀਨਿਰਵਾਣ ਦਿਵਸ 9 ਅਕਤੂਬਰ ਨੂੰ ਭੁੱਲ ਸੁਧਾਰ ਰੈਲੀ ਦੇ ਤੌਰ ’ਤੇ ਜਲੰਧਰ ਵਿਖੇ ਮਨਾਉਣ ਦਾ ਐਲਾਨ ਕੀਤਾ ਗਿਆ। ਇਸੇ ਲੜੀ ਵਿੱਚ ਭਗਵਾਨ ਵਾਲਮੀਕ ਜੀ ਦੇ ਪਰਗਟ ਦਿਵਸ ਅਤੇ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਅੰਮ੍ਰਿਤਸਰ ਵਿਖੇ 30 ਅਕਤੂਬਰ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ।