ਲਾਜਵੰਤ ਸਿੰਘ
ਨਵਾਂਸ਼ਹਿਰ, 3 ਫ਼ਰਵਰੀ
ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਬਸਪਾ ਦੀ ਦਾਅਵੇਦਾਰੀ ’ਤੇ ਦੋ ਉਮੀਦਵਾਰਾਂ ਵੱਲੋਂ ਦਾਖ਼ਲ ਕੀਤੇ ਗਏ ਕਾਗਜ਼ਾਂ ਦੇ ਮਾਮਲੇ ਨੂੰ ਲੈ ਕੇ ਅੱਜ ਰੇੜਕਾ ਖਤਮ ਹੋ ਗਿਆ। ਰਿਟਰਨਿੰਗ ਅਫ਼ਸਰ ਵੱਲੋਂ ਬਰਜਿੰਦਰ ਸਿੰਘ ਹੁਸੈਨਪੁਰ ਦੇ ਪੇਪਰ ਰੱਦ ਕਰ ਦਿੱਤੇ ਗਏ ਤੇ ਡਾ.ਨਛੱਤਰਪਾਲ ਨੂੰ ਬਸਪਾ ਉਮੀਦਵਾਰ ਵਜੋਂ ਪ੍ਰਵਾਨ ਕਰ ਲਿਆ। ਰਿਟਰਨਿੰਗ ਅਫ਼ਸਰ ਵੱਲੋਂ ਦੋਨਾਂ ਦਾਅਵੇਦਾਰਾਂ ਦੀ ਸੁਣਵਾਈ ਕੀਤੀ ਗਈ ਜਿਸ ਮੌਕੇ ਦੋਵੇਂ ਦਾਅਵੇਦਾਰ ਆਪਣੇ ਹਮਾਇਤੀਆਂ ਬਸਪਾ ਦੇ ਸੂਬਾ ਪ੍ਧਾਨ ਜਸਵੀਰ ਸਿੰਘ ਗੜ੍ਹੀ, ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਪਾਲ, ਅਕਾਲੀ ਦਲ ਦੇ ਹਲਕਾ ਇੰਚਾਰਜ਼ ਜਰਨੈਲ ਸਿੰਘ ਵਾਹਿਦ ਵੀ ਪੇਸ਼ ਹੋਏ। ਚੋਣ ਅਧਿਕਾਰੀ ਵੱਲੋਂ ਲੰਬੀ ਬਹਿਸ ਤੇ ਕਾਗਜ਼ਾਂ ਦੀ ਪੜਤਾਲ ਉਪਰੰਤ ਬਰਜਿੰਦਰ ਸਿੰਘ ਦੇ ਕਾਗਜ਼ਾਂ ਨੂੰ ਰੱਦ ਕਰਦਿਆਂ ਡਾ. ਨਛੱਤਰਪਾਲ ਦੇ ਦਾਅਵੇ ਨੂੰ ਪ੍ਵਾਨ ਕਰ ਲਿਆ ਗਿਆ ਹੈ। ਦੂਸਰੇ ਪਾਸੇ ਡਾ.ਨਛੱਤਰਪਾਲ ਗੱਠਜੋੜ ਹੋਣ ਵਾਲੇ ਦਿਨ ਤੋਂ ਹਲਕਾ ਨਵਾਂਸ਼ਹਿਰ ’ਚ ਪਾਰਟੀ ਦੇ ਨਿਸ਼ਾਨ ’ਤੇ ਵਿਚਰ ਰਹੇ ਸਨ। ਬਰਜਿੰਦਰ ਸਿੰਘ ਨੇ ਆਪਣਾ ਪੱਲਾ ਅੱਜ ਇਹ ਆਖਕੇ ਛੁਡਾ ਲਿਆ ਹੈ ਕਿ ਪਾਰਟੀ ਹਾਈ ਕਮਾਨ ਤੋਂ ਤਕਨੀਕੀ ਗਲਤੀ ਹੋ ਗਈ ਹੈ ਜਿਸ ਕਾਰਨ ਉਸ ਦੀ ਦਾਅਵੇਦਾਰੀ ਰੱਦ ਸਮਝੀ ਜਾਵੇ। ਜਸਵੀਰ ਸਿੰਘ ਗੜ੍ਹੀ ਨੇ ਵੀ ਦੋ ਦਾਅਵੇਦਾਰੀਆਂ ਦਿੱਤੇ ਜਾਣ ਤੇ ਸਪੱਸ਼ਟ ਜੁਆਬ ਨਹੀਂ ਦਿੱਤਾ ਹੈ।