ਜਸਬੀਰ ਸਿੰਘ ਚਾਨਾ
ਫਗਵਾੜਾ, 16 ਜੂਨ
ਸ਼੍ਰੋਮਣੀ ਅਕਾਲੀ ਦਲ ਬਸਪਾ ਸਮਝੌਤੇ ਤੋਂ ਬਾਅਦ ਕੁੱਝ ਸੀਟਾਂ ਦੀ ਵੰਡ ਨੂੰ ਲੈ ਕਾਂਗਰਸੀ ਐੱਮਪੀ ਰਵਨੀਤ ਬਿੱਟੂ ਵੱਲੋਂ ਕੀਤੀਆਂ ਗਈਆ ਟਿੱਪਣੀਆਂ ਲਈ ਅਕਾਲੀ-ਬਸਪਾ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਫਗਵਾੜਾ ’ਚ ਬਸਪਾ ਵੱਲੋਂ ਸੀਨੀਅਰ ਬਸਪਾ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ ਦੀ ਅਗਵਾਈ ’ਚ ਰਵਨੀਤ ਬਿੱਟੂ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਜਿਸ ’ਚ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਜ਼ੋਰ ਸ਼ੋਰ ਨਾਲ ਸ਼ਿਰਕਤ ਕੀਤੀ। ਪੰਜਾਬ ਦੇ ਰਾਜਪਾਲ ਦੇ ਨਾਂ ’ਤੇ ਐੱਸਡੀਐੱਮ ਫਗਵਾੜਾ ਨੂੰ ਦਿੱਤੇ ਮੰਗ ਪੱਤਰ ’ਚ ਬਸਪਾ-ਅਕਾਲੀ ਦਲ ਨੇ ਗਠਜੋੜ ਵੱਲੋਂ ਬਸਪਾ ਖਾਤੇ ਛੱਡੀਆਂ ਸੀਟਾਂ ਬਾਰੇ ਕੀਤੀ ਗਈ ਟਿੱਪਣੀ ਨੂੰ ਅਤਿ ਨਿੰਦਣਯੋਗ ਤੇ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਟਿੱਪਣੀ ਕਾਂਗਰਸੀ ਐੱਮ.ਪੀ. ਬਿੱਟੂ ਅਤੇ ਉਸ ਦੀ ਪਾਰਟੀ ਦੀ ਦਲਿਤਾਂ ਪ੍ਰਤੀ ਸੌੜੀ ਸੋਚ ਦਾ ਸਾਫ਼ ਸਬੂਤ ਹੈ। ਆਗੂਆਂ ਨੇ ਕਿਹਾ ਕਿ ਜੇ ਬਿੱਟੂ ਖ਼ਿਲਾਫ਼ ਕਾਰਵਾਈ ਨਾਂ ਕੀਤੀ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਮਿਲ ਕੇ ਤੇਜ਼ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰ ਸੜਕਾਂ ’ਤੇ ਉੱਤਰੇਗੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।