ਹਰਪ੍ਰੀਤ ਕੌਰ
ਹੁਸ਼ਿਆਰਪੁਰ, 15 ਜੂਨ
ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਚੱਲਦਿਆਂ ਦਿੱਤੇ ਬਿਆਨ ਕਿ ‘ਸ੍ਰੀ ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਵਾਲੀਆਂ ਪਵਿੱਤਰ ਸੀਟਾਂ ਵੀ ਅਕਾਲੀ ਦਲ ਨੇ ਬਸਪਾ ਨੂੰ ਛੱਡ ਦਿੱਤੀਆਂ’ ਦੇ ਵਿਰੋਧ ’ਚ ਬਸਪਾ ਵੱਲੋਂ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਦਿਨੇਸ਼ ਕੁਮਾਰ ਪੱਪੂ ਅਤੇ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਹੇਠ ਫ਼ਗਵਾੜਾ ਚੌਕ ਵਿੱਚ ਪੁਤਲਾ ਫ਼ੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸੁਮਿੱਤਰ ਸਿੰਘ ਸੀਕਰੀ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦਾ ਇਹ ਬਿਆਨ ਬਿੱਟੂ ਅਤੇ ਕਾਂਗਰਸ ਪਾਰਟੀ ਦੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਪ੍ਰਦਰਸ਼ਿਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਅਕਾਲੀ-ਬਸਪਾ ਗਠਜੋੜ ਹੋਣ ਤੋਂ ਬਾਅਦ ਬੌਖਲਾਹਟ ਵਿੱਚ ਆ ਕੇ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਉਨ੍ਹਾਂ ਬਿੱਟੂ ਤੋਂ ਸਵਾਲ ਪੁੱਛਿਆ ਕਿ ਜੇਕਰ ਬਸਪਾ ਸ੍ਰੀ ਆਨੰਦਪੁਰ ਸਾਹਿਬ ਜਾਂ ਚਮਕੌਰ ਸਾਹਿਬ ਤੋਂ ਲੜਦੀ ਹੈ ਤਾਂ ਕੀ ਉਹ ਸੀਟਾਂ ਪਵਿੱਤਰ ਨਹੀਂ ਰਹਿਣਗੀਆਂ?
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਲੁਧਿਆਣਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਗਠਜੋੜ ਸਬੰਧੀ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਕੀਤੀਆਂ ਟਿੱਪਣੀਆਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਦੇ ਆਗੂਆਂ ਅਤੇ ਵਰਕਰਾਂ ਨੇ ਮੁੱਖ ਚੌਕ ਬਲਾਚੌਰ ਵਿੱਚ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ। ਇਸ ਮੌਕੇ ਬਸਪਾ ਆਗੂ ਜਸਵੀਰ ਸਿੰਘ ਤੇ ਬਲਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਬ) ਦੇ ਚੌਧਰੀ ਬਿਮਲ ਕੁਮਾਰ ਸਿਆਣਾ ਤੇ ਹੋਰਾਂ ਨੇ ਰਵਨੀਤ ਬਿੱਟੂ ਦੇ ਬਿਆਨ ਦੀ ਨਿਖੇਧੀ ਕੀਤੀ।