ਪਾਲ ਸਿੰਘ ਨੌਲੀ
ਜਲੰਧਰ, 2 ਅਗਸਤ
ਬਹੁਜਨ ਸਮਾਜ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਫਿਲੌਰ ਦਾ ਭੰਗ ਕੀਤਾ ਢਾਂਚਾ ਦੋ ਦਿਨਾਂ ਬਾਅਦ ਬਹਾਲ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਫਿਲੌਰ ਵਿਧਾਨ ਸਭਾ ਹਲਕੇ ਦੇ ਜਿਹੜੇ ਨਵੇਂ ਅਹੁਦੇਦਾਰ ਐਲਾਨੇ ਹਨ ਉਨ੍ਹਾਂ ਵਿਚੋਂ ਜਨਰਲ ਸਕੱਤਰ ਬਣੇ ਤਿਲਕ ਰਾਜ ਨੇ ਰੋਸ ਜ਼ਾਹਰ ਕਰਦਿਆਂ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਗੱਲਬਾਤ ਦੌਰਾਨ ਤਿਲਕ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਭਰੋਸੇ ਵਿਚ ਲਏ ਬਿਨਾਂ ਹੀ ਅਹੁਦਾ ਦਿੱਤਾ ਗਿਆ ਹੈ। ਉਨ੍ਹਾਂ ਰੋਸ ਜ਼ਾਹਰ ਕੀਤਾ ਕਿ ਜਦੋਂ ਅਵਤਾਰ ਸਿੰਘ ਕਰੀਮਪੁਰੀ ਬਸਪਾ ਦੇ ਸੂਬਾਈ ਪ੍ਰਧਾਨ ਸਨ ਤਾਂ ਉਦੋਂ ਪਾਰਟੀ ਨੂੰ ਧੋਖਾ ਦੇ ਕੇ ਬਲਦੇਵ ਸਿੰਘ ਖਹਿਰਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। ਹੁਣ ਅਸੀਂ ਧੋਖਾ ਦੇਣ ਵਾਲੇ ਆਗੂਆਂ ਦਾ ਸਮਰਥਨ ਕਿਵੇਂ ਕਰ ਸਕਦੇ ਹਾਂ।ਉਧਰ ਬਸਪਾ ਦੇ ਸੂਬਾ ਪ੍ਰਧਾਨ ਵੱਲੋਂ ਜਾਰੀ ਸੂਚੀ ਅਨੁਸਾਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਖੋਸਲਾ ਦੀ ਥਾਂ ’ਤੇ ਜਗਦੀਸ਼ ਸ਼ੇਰਪੁਰੀ ਨੂੰ ਪ੍ਰਧਾਨ ਬਣਾਇਆ ਗਿਆ ਹੈ। ਜ਼ਿਲ੍ਹਾ ਇੰਚਾਰਜ ਰਾਮ ਸਰੂਪ ਸਰੋਆ ਨੂੰ ਵੀ ਅਹੁਦੇ ਤੋਂ ਮੁਕਤ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਫਿਲੌਰ ਵਿਧਾਨ ਸਭਾ ਹਲਕੇ ਤੋਂ ਬਸਪਾ ਨੇ 86 ਦੇ ਕਰੀਬ ਅਹੁਦੇਦਾਰਾਂ ਨੂੰ ਅਹੁਦੇ ਤੋਂ ਮੁਕਤ ਕਰ ਦਿੱਤਾ ਹੈ, ਜਿਨ੍ਹਾਂ ਵਿਚ 23 ਸੈਕਟਰ ਪ੍ਰਧਾਨ ਤੇ 23 ਸੈਕਟਰ ਇੰਚਾਰਜ ਸ਼ਾਮਲ ਹਨ। ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਅਤੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਤੇ ਵਿਪੁਲ ਕੁਮਾਰ ਦੇ ਨਿਰਦੇਸ਼ਾਂ ’ਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ। ਸ੍ਰੀ ਗੜ੍ਹੀ ਨੇ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੇ ਨਾਂ ਦੀ ਵਰਤੋਂ ਕਰਕੇ ਵਰਕਰਾਂ ਨੂੰ ਗੁਮਰਾਹ ਕਰਕੇ 7 ਅਗਸਤ ਨੂੰ ਕੋਈ ਸੰਮੇਲਨ ਰੱਖਿਆ ਗਿਆ ਹੈ, ਜਿਸ ਦਾ ਬਹੁਜਨ ਸਮਾਜ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਧਰ ਨਰਾਜ਼ ਵਰਕਰਾਂ ਨੇ ਦੋਸ਼ ਲਾਇਆ ਹੈ ਕਿ ਨਵੇਂ ਥਾਪੇ ਗਏ ਅਹੁਦੇਦਾਰਾਂ ਵਿੱਚੋਂ ਬਹੁਤੇ ਅਕਾਲੀ ਦਲ ਦੇ ਪਿਛੋਕੜ ਵਾਲੇ ਹਨ। ਉਨ੍ਹਾਂ ਕਿਹਾ ਕਿ 7 ਅਗਸਤ ਨੂੰ ਗੁਰਾਇਆ ਵਿਚ ਬਾਬੂ ਕਾਂਸ਼ੀ ਰਾਮ ਦੇ ਵਿਚਾਰਾਂ ਨਾਲ ਸਾਂਝ ਰੱਖਣ ਵਾਲੇ ਵਰਕਰਾਂ ਦਾ ਇਕੱਠ ਕੀਤਾ ਜਾ ਰਿਹਾ ਹੈ।