ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਮਈ
ਇਥੇ ਚੁਗਿੱਟੀ ਦੇ ਨਾਲ ਲੱਗਦੇ ਅੰਬੇਡਕਰ ਨਗਰ ’ਚ ਪਤੀ ਨੇ ਸੁੱਤੀ ਹੋਈ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਹੈ। ਇਹ ਘਟਨਾ ਅੱਜ ਸਵੇਰ ਵੇਲੇ ਵਾਪਰੀ। ਮ੍ਰਿਤਕਾ ਦੀ ਪਛਾਣ ਰਾਜ ਰਾਣੀ ਵਜੋਂ ਹੋਈ ਹੈ। ਉਸ ਦੀ 14 ਸਾਲਾਂ ਦੀ ਧੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਿਤਾ ਮਹਿੰਦਰਪਾਲ ਆਟੋ ਚਾਲਕ ਹੈ। ਅੱਜ ਸਵੇਰੇ 5 ਵਜੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਹ ਦੇਖ ਕੇ ਦੰਗ ਰਹਿ ਗਈ ਕਿ ਵਿਹੜੇ ਵਿੱਚ ਸੁੱਤੀ ਪਈ ਉਸ ਦੀ ਮਾਂ ’ਤੇ ਉਸ ਦਾ ਪਿਤਾ ਲੋਹੇ ਦੇ ਐਂਗਲ ਨਾਲ ਵਾਰ ਕਰ ਰਿਹਾ ਸੀ। ਜਦੋਂ ਉਹ ਆਪਣੀ ਮਾਂ ਨੂੰ ਬਚਾਉਣ ਲਈ ਅੱਗੇ ਆਈ ਤਾਂ ਪਿਤਾ ਨੇ ਉਸ ਨੂੰ ਧੱਕਾ ਦੇ ਕੇ ਦੂਰ ਸੁੱਟ ਦਿੱਤਾ। ਅਮਨਦੀਪ ਕੌਰ ਨੇ ਦੱਸਿਆ ਕਿ ਆਪਣੀ ਮਾਂ ਨੂੰ ਹਸਪਤਾਲ ਵੀ ਲੈ ਕੇ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਸ ਕਤਲ ਪਿੱਛੇ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਰਾਜ ਰਾਣੀ ਦੇ ਪਤੀ ਨੂੰ ਉਸ ਦੇ ਆਚਰਣ ’ਤੇ ਸ਼ੱਕ ਸੀ। ਉਸ ਦੀ ਪਤਨੀ ਨੌਕਰੀ ਕਰਦੀ ਸੀ। ਉਹ ਰੋਜ਼ਾਨਾ ਨਵੇਂ-ਨਵੇਂ ਕੱਪੜੇ ਪਾਉਂਦੀ ਸੀ। ਇਸੇ ਕਰਕੇ ਉਸ ਦੇ ਪਤੀ ਨੂੰ ਸ਼ੱਕ ਹੋ ਗਿਆ ਕਿ ਉਸ ਦੇ ਕਿਸੇ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਹਨ। ਉਸ ਨੂੰ ਇਹ ਵੀ ਸ਼ੱਕ ਹੋ ਗਿਆ ਕਿ ਉਸ ਦੀ ਪਤਨੀ ਦੂਜਾ ਵਿਆਹ ਕਰਵਾਉਣ ਦੇ ਚੱਕਰ ’ਚ ਉਸ ਦੀ ਹੱਤਿਆ ਨਾ ਕਰਵਾ ਦੇਵੇ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾਮੰਡੀ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਮੁਲਜ਼ਮ ਮਹਿੰਦਰਪਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਲੋਹੇ ਦਾ ਐਂਗਲ ਵੀ ਬਰਾਮਦ ਕਰ ਲਿਆ ਹੈ।
ਫਗਵਾੜਾ ਵਿੱਚ ਪਤੀ ਵੱਲੋਂ ਖੁਦਕੁਸ਼ੀ
ਫਗਵਾੜਾ (ਜਸਬੀਰ ਸਿੰਘ ਚਾਨਾ): ਇੱਥੋਂ ਦੇ ਚਾਚੋਕੀ ਖੇਤਰ ਦੇ ਰਹਿਣ ਵਾਲੇ ਵਿਅਕਤੀ ਨੇ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਪਛਾਣ ਸੂਰਜ ਪੁੱਤਰ ਸੁਰਜੀਤ ਵਾਸੀ ਚਾਚੋਕੀ ਵਜੋਂ ਹੋਈ ਹੈ। ਸਿਟੀ ਪੁਲੀਸ ਦੇ ਕਾਰਜਕਾਰੀ ਐੱਸ.ਐੱਚ.ਓ ਸੁਖਵਿੰਦਰ ਸਿੰਘ ਦਿਓਲ ਤੇ ਜਾਂਚ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਸੂਰਜ ਕੁਮਾਰ ਦਾ ਵਿਆਹ 2013 ’ਚ ਹੋਇਆ ਸੀ। ਵਿਆਹ ਤੋਂ ਬਾਅਦ ਪਤਨੀ ਦੇ ਗੁਆਂਢ ’ਚ ਰਹਿੰਦੇ ਨੌਜਵਾਨ ਨਾਲ ਕਥਿਤ ਤੌਰ ’ਤੇ ਨਾਜ਼ਾਇਜ ਸਬੰਧ ਬਣ ਗਏ ਸਨ। ਇਸ ਕਾਰਨ ਸੁਰਜੀਤ ਨੇ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ। ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਆਂਦਾ ਗਿਆ ਜਿਥੋਂ ਉਸ ਨੂੰ ਜਲੰਧਰ ਰੈੱਫ਼ਰ ਕਰ ਦਿੱਤਾ ਗਿਆ। ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲੀਸ ਨੇ ਪਤਨੀ ਸੀਮਾ ਤੇ ਗੁਆਂਢੀ ਲੱਕੀ ਖ਼ਿਲਾਫ਼ ਧਾਰਾ 306, 34 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੂੰ ਘਟਨਾ ਸਬੰਧੀ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।