ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਜੁਲਾਈ
ਇਥੋਂ ਦੇ ਬੂਟਾਂ ਮੰਡੀ ਇਲਾਕੇ ਵਿੱਚ ਬਿਜਲੀ ਦਫਤਰ ਵਿਚ ਪਾਵਰਕੌਮ ਦੇ ਐਕਸੀਅਨ ਤੇ ਐੱਸਡੀਓ ਵਿੱਚ ਕੁਰਸੀ ਨੂੰ ਲੈ ਕੇ ਝਗੜਾ ਹੋ ਗਿਆ। ਐੱਸਡੀਓ ਨੀਰਜ ਪਿਪਲਾਨੀ ਨੇ ਦੋਸ਼ ਲਾਇਆ ਕਿ ਉਸ ਨੂੰ ਐਕਸੀਅਨ ਨੇ ਆ ਕੇ ਕੁਰਸੀ ਤੋਂ ਉੱਠਣ ਲਈ ਮਜਬੂਰ ਕੀਤਾ ਤੇ ਇਸ ਦੌਰਾਨ ਝਗੜੇ ਵਿੱਚ ਉਹ ਜ਼ਖਮੀ ਹੋ ਗਿਆ। ਉਨ੍ਹਾਂ ਨੇ ਸਿਵਲ ਹਸਪਤਾਲ ਵਿਚ ਜਾ ਕੇ ਮੈਡੀਕਲ ਲੀਗਲ ਰਿਪੋਰਟ (ਐੱਮਐੱਲਆਰ) ਕਟਵਾਉਣ ਤੋਂ ਬਾਅਦ ਥਾਣਾ ਭਾਰਗੋ ਕੈਂਪ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਘਟਨਾ ਦਾ ਪਤਾ ਲੱਗਣ ’ਤੇ ਪਾਵਰਕੌਮ ਦੇ ਸੀਨੀਅਰ ਅਫਸਰ ਵੀ ਹਰਕਤ ਵਿੱਚ ਆ ਗਏ ਹਨ। ਐੱਸਡੀਓ ਨੀਰਜ ਪਿਪਲਾਨੀ ਨੇ ਦੱਸਿਆ ਕਿ ਉਹ ਸਵੇਰੇ ਦਫਤਰ ਵਿੱਚ ਬੈਠ ਕੇ ਆਪਣਾ ਕੰਮ ਕਰ ਰਹੇ ਸਨ ਤਾਂ ਉਦੋਂ ਹੀ ਐਕਸੀਅਨ ਕਮਲਜੀਤ ਕੁਮਾਰ ਉਥੇ ਆ ਗਏ ਤੇ ਉਨ੍ਹਾਂ ਨੂੰ ਕੁਰਸੀ ਛੱਡਣ ਲਈ ਕਿਹਾ ਜਿਥੇ ਬੈਠ ਕੇ ਉਹ ਕੰਮ ਕਰ ਰਹੇ ਸਨ। ਐੱਸਡੀਓ ਨੇ ਇਹ ਦੋਸ਼ ਵੀ ਲਾਇਆ ਕਿ ਐਕਸੀਅਨ ਨੇ ਦਫਤਰ ਵਿਚ ਜੋ ਵੀ ਔਜ਼ਾਰ ਹੱਥ ਵਿਚ ਆਇਆ, ਚੁੱਕ ਕੇ ਉਨ੍ਹਾਂ ਉੱਪਰ ਮਾਰੇ। ਇਸ ਮਗਰੋਂ ਉਨ੍ਹਾਂ ਨੇ ਹਸਪਤਾਲ ਇਲਾਜ ਕਰਵਾਇਆ।
ਐਕਸੀਅਨ ਨੇ ਐੱਸਡੀਓ ’ਤੇ ਹੱਥੋਪਾਈ ਦੇ ਦੋਸ਼ ਲਗਾਏ
ਐਕਸੀਅਨ ਕਮਲਜੀਤ ਕੁਮਾਰ ਨੇ ਦੱਸਿਆ ਕਿ ਉਹ ਪਹਿਲਾਂ ਹੀ ਆਪਣਾ ਕਾਗਜ਼ੀ ਕੰਮ ਨਿਪਟਾ ਰਹੇ ਸਨ ਤੇ ਕੁਰਸੀ ’ਤੇ ਆ ਕੇ ਐੱਸਡੀਓ ਨੀਰਜ ਬੈਠ ਗਏ। ਜਦੋਂ ਉਨ੍ਹਾਂ ਨੂੰ ਉਥੋਂ ਉੱਠਣ ਲਈ ਕਿਹਾ ਕਿ ਨੀਰਜ ਨੇ ਦੱਸਿਆ ਕਿ ਕੰਮ ਅਜੇ ਬਾਕੀ ਰਹਿੰਦਾ ਹੈ ਤੇ ਉਸ ਨੇ ਕੁਰਸੀ ਛੱਡਣ ਤੋਂ ਨਾਂਹ ਕਰ ਦਿੱਤੀ। ਇਸੇ ਦੌਰਾਨ ਐੱਸਡੀਓ ਭੜਕ ਉੱਠਿਆ ਤੇ ਗੁੱਸੇ ਵਿਚ ਆ ਕੇ ਹੱਥੋਪਾਈ ਕਰਨ ਲੱਗ ਪਿਆ। ਇਸ ਦੌਰਾਨ ਉਨ੍ਹਾਂ ਨੂੰ ਵੀ ਆਪਣਾ ਬਚਾਅ ਕਰਨਾ ਪਿਆ।