ਪਾਲ ਸਿੰਘ ਨੌਲੀ
ਜਲੰਧਰ, 23 ਮਈ
ਕਰੋਨਾ ਨਾਲ ਪੀੜਤ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਮਰੀਜ਼ਾਂ ਦੇ ਰਿਸ਼ਤੇਦਾਰ ਨੂੰ ਨਿੱਜੀ ਹਸਪਤਾਲਾਂ ਵਿੱਚ ਰੱਖੇ ਬਾਊਸਰ ਕੁੱਟਮਾਰ ਕਰਨ ਦੇ ਨਾਲ ਜ਼ਲੀਲ ਕੀਤਾ ਜਾ ਰਿਹਾ ਹੈ। ਇੱਕ ਨਿੱਜੀ ਹਸਪਤਾਲ ਵਿੱਚ ਵਾਪਰੀਆਂ ਦੋ ਘਟਨਾਵਾਂ ਦੇ ਬਾਵਜੂਦ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਤੇ ਨਾ ਹੀ ਪੁਲੀਸ ਨੇ ਕੋਈ ਮਾਮਲਾ ਦਰਜ ਕੀਤਾ ਹੈ। ਜਲੰਧਰ ਦੇ ਨਕੋਦਰ ਰੋਡ ’ਤੇ ਖਾਂਬਰਾ ਨੇੜੇ ਆਉਂਦੇ ਇੱਕ ਨਿੱਜੀ ਹਸਪਤਾਲ ਵਿੱਚ ਬੀਤੇ ਦਿਨੀ ਉਪਰੋਥੱਲੀ ਵਾਪਰੀਆਂ ਦੋ ਘਟਨਾਵਾਂ ਨੇ ਲੋਕਾਂ ਦੇ ਲੂੰ-ਕੰਢੇ ਖੜ੍ਹੇ ਕਰਕੇ ਰੱਖ ਦਿੱਤੇ ਹਨ। ਇਸ ਨਿੱਜੀ ਹਸਪਤਾਲ ਵਿੱਚ ਕਾਰਗਿਲ ਦੇ ਸ਼ਹੀਦ ਦੀ ਪਤਨੀ ਦੀ ਹੋਈ ਮੌਤ ਅਤੇ ਇੱਕ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਜਸ਼ੀਲ ਕਾਰਕੁਨ ਦੀ ਮੌਤ ਸਮੇਂ ਬਾਊਂਸਰਾਂ ਨੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਜਲੀਲ ਕੀਤਾ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਤੇ ਕਪੂਰਥਲਾ ਨੇ ਨਿੱਜੀ ਹਸਪਤਾਲ ਅੱਗੇ ਧਰਨਾ ਲਾਉਣਾ ਪਿਆ। ਜ਼ਿਕਰਯੋਗ ਹੈ ਕਿ ਜਲੰਧਰ ਦੇ ਮਾਨ ਹਸਪਤਾਲ ਵੱਲੋਂ ਅਮਿੱਤ ਕੁਮਾਰ 32 ਸਾਲਾਂ ਪਿੰਡ ਪੱਮਣਾ ਦੇ ਜਵਾਈ ਨੂੰ ਜਾਅਲੀ ਕਰੋਨਾ ਸ਼ੋਅ ਕਰਕੇ ਮਾਰ ਦਿੱਤਾ ਗਿਆ ਤੇ ਲਾਸ਼ ਮੰਗਣ ’ਤੇ ਹਸਪਤਾਲ ਵੱਲੋਂ ਬਾਊਂਸਰਾਂ ਨੂੰ ਬੁਲਾ ਕੇ ਪਰਿਵਾਰ ਦੇ ਜੀਆਂ ਨੂੰ ਕੁਟਵਾਇਆ ਗਿਆ। ਹਸਪਤਾਲ ਦੇ ਇਸ ਘਿਨਾਉਣੇ ਕੰਮ ਕਾਰਨ ਪਰਿਵਾਰ ਵਾਲ਼ਿਆਂ ਨੇ ਕਿਸਾਨ ਜਥੇਬੰਦੀ ਨਾਲ ਗੱਲ ਕੀਤੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਉਪੁਰ ਨੇ ਦੱਸਿਆ ਕਿ ਨਿੱਜੀ ਹਸਪਤਾਲ ਵਿੱਚ ਅਮਿਤ ਕੁਮਾਰ (32) ਵਾਸੀ ਪਿੰਡ ਪੱਮਣਾ ਦੀ ਮੌਤ ਹੋ ਗਈ ਸੀ। ਹਸਪਤਾਲ ਵਾਲੇ ਲਾਸ਼ ਦੇਣ ਬਦਲੇ ਢਾਈ ਲੱਖ ਰੁਪਏ ਮੰਗ ਰਹੇ ਸਨ ਜਦੋਂਕਿ ਇਲਾਜ ਦੌਰਾਨ 6 ਲੱਖ 20 ਹਾਜ਼ਾਰ ਰੂਪਏ ਪਹਿਲਾਂ ਹੀ ਹਸਪਤਾਲ ਵਸੂਲ ਚੁੱਕਾ ਸੀ। ਕਿਸਾਨ ਆਗੂ ਸਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਹਸਪਤਾਲ ਵੱਲੋਂ ਗੈਰਕਾਨੂੰਨੀ ਤੌਰ ’ਤੇ ਰੱਖੇ ਬਾਊਂਸਰਾਂ ਨੇ ਕੁੱਟਮਾਰ ਕੀਤੀ।
ਹੁਸ਼ਿਆਰਪੁਰ ਦੇ ਰਹਿਣ ਵਾਲੇ ਕਾਰਗਿਲ ਦੇ ਸ਼ਹੀਦ ਦੇ ਪੁੱਤਰ ਪ੍ਰਦੀਪ ਸਿੰਘ ਦਾ ਕਹਿਣਾ ਸੀ ਕਿ ਉਸ ਨਾਲ ਵੀ ਨਿੱਜੀ ਹਸਪਤਾਲ ਵਾਲਿਆਂ ਨੇ ਬਦਲਸਲੂਕੀ ਕੀਤੀ ਸੀ। ਜਦੋਂ ਉਹ ਹਸਪਤਾਲ ਵਿੱਚੋਂ ਆਪਣੀ ਮਾਤਾ ਦੀ ਲਾਸ਼ ਲੈਣ ਗਏ ਤਾਂ ਬਾਊਂਸਰਾਂ ਨੇ ਕਿਹਾ ਸੀ ਕਿ “ਚੁੱਕ ਕੇ ਬਾਹਰ ਮਾਰੋ ਏਹਨੂੰ”। ਉਨ੍ਹਾਂ ਨੇ ਇਹ ਦੋਸ਼ ਵੀ ਲਾਇਆ ਕਿ ਬਾਊਂਸਰ ਕਦੇ ਵੀ ਮਾਸਕ ਨਹੀਂ ਲਗਾਉਂਦੇ।