ਦਸਤਖਤ ਨਾ ਮਿਲਣ ਕਾਰਨ ਚੈੱਕ ਪਾਸ ਨਹੀਂ ਹੋਏ: ਬੀਡੀਪੀਓ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 5 ਸਤੰਬਰ
ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ ਸੱਤ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਦਿੱਤੇ ਚੈੱਕ ਬੈਂਕ ਨੇ ਬੇਰੰਗ ਮੋੜ ਦਿੱਤੇ ਹਨ। ਪਿੰਡਾਂ ਦੇ ਵਿਕਾਸ ਲਈ ਦਿੱਤੇ ਚੈੱਕ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਲੰਧਰ ਪੱਛਮੀ ਦੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਸਨ। ਇਸ ਕਾਰਨ ਬੀਡੀਪੀਓ ਦਫ਼ਤਰ ਜਲੰਧਰ ਪੱਛਮੀ ਦੇ ਅਧਿਕਾਰੀਆਂ ਦਾ ਸਮੇਂ ਦੇ ਹਾਣੀ ਨਾ ਬਣਨਾ ਸਰਕਾਰੀ ਤੰਤਰ ’ਤੇ ਵਿਰਾਮ ਚਿੰਨ੍ਹ ਲਗਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਆਪਣੇ ਵਿਭਾਗਾਂ ਨੂੰ ਸਮੇਂ ਦਾ ਹਾਣੀ ਬਣਾ ਕੇ ਸਿੱਧਾ ਪੰਚਾਇਤਾਂ ਦੇ ਖਾਤਿਆਂ ਵਿੱਚ ਪੈਸੇ ਭੇਜਣ ਦੇ ਦਾਅਵੇ ਕਰ ਰਹੀ ਹੈ। ਇਸ ਦੇ ਉਲਟ ਇਸ ਦਫਤਰ ਦੇ ਅਧਿਕਾਰੀਆਂ ਦੀ ਕਥਿਤ ਅਣਗਹਿਲੀ ਕਾਰਨ ਲਗਪਗ ਚਾਲੀ ਲੱਖ ਰੁਪਏ ਦੇ ਸੱਤ ਪਿੰਡਾਂ ਨੂੰ ਦਿੱਤੇ ਚੈੱਕ ਪਾਸ ਨਹੀਂ ਹੋ ਸਕੇ। ਇਸ ਕਾਰਨ ਪੰਚਾਇਤਾਂ ਵੱਲੋਂ ਸਬੰਧਤ ਪਿੰਡਾਂ ਵਿੱਚ ਸ਼ੁਰੂ ਕੀਤੇ ਵਿਕਾਸ ਕੰਮ ਰੁਕਣ ਦਾ ਖਦਸ਼ਾ ਬਣਿਆ ਹੋਇਆ ਹੈ।
ਇਸ ਸਬੰਧੀ ਇਕ ਸਰਪੰਚ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਵਿਕਾਸ ਲਈ ਦਿੱਤੇ ਚੈੱਕ ਪਾਸ ਨਾ ਹੋਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ। ਚੈੱਕ ਪਾਸ ਨਾ ਹੋਣ ਸਬੰਧੀ ਉਨ੍ਹਾਂ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ।
ਹਲਕਾ ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਬੀਡੀਪੀਓ ਜਲੰਧਰ ਪੱਛਮੀ ਤੋਂ ਜਾਣਕਾਰੀ ਲੈਣਗੇ ਕਿ ਉਨ੍ਹਾਂ ਦੇ ਦਸਤਖਤ ਨਾਲ ਜਾਰੀ ਕੀਤੇ ਹੋਏ ਚੈੱਕ ਪਾਸ ਕਿਉਂ ਨਹੀਂ ਹੋਏ।
ਇਸ ਸਬੰਧੀ ਬੀਡੀਪੀਓ ਜਲੰਧਰ ਪੱਛਮੀ ਮਹੇਸ਼ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਖਾਤਿਆਂ ਵਿੱਚੋਂ ਪਿੰਡਾਂ ਲਈ ਚੈੱਕ ਜਾਰੀ ਕੀਤੇ ਗਏ ਸਨ ਉਨ੍ਹਾਂ ਖਾਤਿਆਂ ਵਿੱਚ ਸੂਬਾ ਸਰਕਾਰ ਵੱਲੋਂ ਪੈਸੇ ਭੇਜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਦਸਤਖਤ ਨਾ ਮਿਲਣ ਕਾਰਨ ਚੈੱਕ ਪਾਸ ਨਹੀਂ ਹੋ ਸਕੇ ਅਤੇ ਉਹ ਕੰਮਕਾਜ ਵਾਲੇ ਦਿਨ ਸਬੰਧਤ ਬੈਂਕਾਂ ਨੂੰ ਦਸਤਖ਼ਤ ਤਸਦੀਕ ਕਰਵਾ ਕੇ ਭੇਜ ਦੇਣਗੇ।
ਕੈਪਸ਼ਨ: ਬੈਂਕ ਵੱਲੋਂ ਮੀਮੋ ਨਾਲ ਵਾਪਸ ਭੇਜਿਆ ਗਿਆ ਚੈੱਕ।