ਜੇਬੀ ਸੇਖੋਂ
ਗੜ੍ਹਸ਼ੰਕਰ, 9 ਜੁਲਾਈ
ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ ਦੇ ਪ੍ਰਬੰਧਕਾਂ ਵੱਲੋਂ ਇਲਾਕੇ ਦੇ 11 ਪਿੰਡਾਂ ਵਿੱਚ ਵਿਦਿਆਰਥੀਆਂ ਲਈ ਪੁਸਤਕਾਂ ਦੇ ਲੰਗਰ ਲਾਏ ਗਏ। ਇੱਥੇ ਪੁੱਜੇ ਵਿਦਿਆਰਥੀਆਂ ਨੂੰ ਕੁੱਲ 716 ਪੁਸਤਕਾਂ ਦੇ ਸੈੱਟ ਭੇਟ ਕੀਤੇ ਗਏ। ਸਕੂਲ ਦੇ ਵਾਈਸ ਪ੍ਰਿੰਸੀਪਲ ਹਰਬਿਲਾਸ ਬੰਗਾ ਨੇ ਦੱਸਿਆ ਕਿ ਅੱਜ ਖੇਤਰ ਦੇ ਪਿੰਡਾਂ ਪੱਦੀ ਸੂਰਾ ਸਿੰਘ, ਸੈਲਾ ਖੁਰਦ, ਪਦਰਾਣਾ, ਬਡੇਸਰੋਂ, ਸਤਨੌਰ, ਖੁਸ਼ੀ ਪੱਦੀ, ਡਾਨਸੀਵਾਲ, ਦਦਿਆਲ, ਕਿੱਤਣਾ, ਜੱਸੋਵਾਲ, ਪੋਸੀ ਵਿੱਚ ਕਿਤਾਬਾਂ ਦੇ ਲੰਗਰ ਲਗਾ ਕੇ ਵਿਦਿਆਰਥੀਆਂ ਨੂੰ ਕੁੱਲ 716 ਕਿਤਾਬਾਂ ਭੇਟ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਨਾਲ ਵਿਦਿਆਰਥੀਆਂ ਵਿੱਚ ਆਪਣੇ ਸਿਲੇਬਸ ਤੋਂ ਇਲਾਵਾ ਆਮ ਪੁਸਤਕਾਂ ਪੜ੍ਹਨ ਦੀ ਰੁਚੀ ਵਧੇਗੀ।
ਮਿਰਜ਼ਾਪੁਰ ਸਕੂਲ ਦੇ ਅਧਿਆਪਕਾਂ ਵੱਲੋਂ ਕਿਤਾਬਾਂ ਦਾ ਲੰਗਰ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਸਰਕਾਰੀ ਮਿਡਲ ਸਕੂਲ ਮਿਰਜ਼ਾਪੁਰ ਦੇ ਅਧਿਆਪਕਾਂ ਵੱਲੋਂ ਕਿਤਾਬਾਂ ਦਾ ਲੰਗਰ ਲਗਾਇਆ ਗਿਆ। ਸਕੂਲ ਮੁਖੀ ਪਰਮਜੀਤ ਕੌਰ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਨਾਲ ਬੱਚਿਆਂ ਦੀ ਗੁਣਾਤਮਕ ਸਿੱਖਿਆ ਵਿਚ ਵਾਧਾ ਹੋਵੇਗਾ। ਉਪ ਜ਼ਿਲ੍ਹਾ ਸਿਖਿਆ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅਜਿਹੇ ਪੁਸਤਕ ਲੰਗਰ ਹੋਰਨਾਂ ਸਕੂਲਾਂ ਵੱਲੋਂ ਵੀ ਲਗਾਏ ਜਾਣੇ ਚਾਹੀਦੇ ਹਨ। ਇਸ ਦੌਰਾਨ ਅਧਿਆਪਕਾਂ ਨੇ ਸੌ ਦੇ ਕਰੀਬ ਮਾਪਿਆਂ ਨੂੰ ਕਿਤਾਬਾਂ ਵੰਡੀਆਂ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਰਜਨੀਸ਼ ਗੁਲਿਆਨੀ, ਗੁਰਮੇਲ ਸਿੰਘ, ਦਲਜੀਤ ਸਿੰਘ, ਮੀਨਾ ਕੁਮਾਰੀ ਮੌਜੂਦ ਸਨ।