ਪੱਤਰ ਪ੍ਰੇਰਕ
ਸ਼ਾਹਕੋਟ, 10 ਜੂਨ
ਬੀਤੇ ਵੀਰਵਾਰ ਵੈਸਟਨ ਯੂਨੀਅਨ ਸ਼ਾਹਕੋਟ ਦੀ ਦੁਕਾਨ ’ਤੇ ਕੰਮ ਕਰਦੇ ਕਰਿੰਦੇ ਅਮਰਜੀਤ ਸਿੰਘ ਵਾਸੀ ਚੱਕ ਤਾਰੇਵਾਲ (ਮੋਗਾ) ਨੂੰ ਲੋਹੀਆਂ ਖਾਸ ਦੀ ਪੁਲੀਸ ਨੇ ਤਾਸਪੁਰ ਦੇ ਮੋੜ ਕੋਲ ਲਾਏ ਨਾਕੇ ਦੌਰਾਨ ਕਾਬੂ ਕਰ ਲਿਆ ਜਦੋਂ ਉਹ ਵਿਦੇਸ਼ੀ ਤੇ ਦੇਸ਼ੀ ਕਰੰਸੀ ਸਮੇਤ ਪਿੰਡ ਡੱਲਾ ਨੂੰ ਜਾ ਰਿਹਾ ਸੀ। ਨੌਜਵਾਨ ਨੂੰ ਹਿਰਾਸਤ ’ਚ ਲੈਣ ਮਗਰੋਂ ਪਰਿਵਾਰ ਨੂੰ ਜਾਣਕਾਰੀ ਨਹੀਂ ਦਿੱਤੀ। ਨੌਜਵਾਨ ਦੇ ਭਰਾ ਸੁਰਜੀਤ ਸਿੰਘ ਤੇ ਪਿੰਡ ਦੇ ਮੋਹਤਬਰ ਵਿਅਕਤੀ ਕੁਲਦੀਪ ਸਿੰਘ, ਤਾਰਾ ਸਿੰਘ, ਵਰਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਤੱਕ ਜਦੋਂ ਉਨ੍ਹਾਂ ਦੇ ਲੜਕੇ ਦਾ ਫੋਨ ਬੰਦ ਤੇ ਘਰ ਨਾ ਆਉਣ ਸਬੰਧੀ ਦੁਕਾਨ ਦੇ ਮਾਲਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਅਗਿਆਨਤਾ ਪ੍ਰਗਟਾਈ ਤੇ ਉਪਰ 8 ਲੱਖ ਰੁਪਏ ਲੈ ਕੇ ਭੱਜ ਜਾਣ ਦਾ ਕਥਿਤ ਦੋਸ਼ ਮੜ ਦਿੱਤਾ। ਇਸਤੋਂ ਬਾਅਦ ਉਨ੍ਹਾਂ ਨੇ ਥਾਣਾ ਸ਼ਾਹਕੋਟ ਨਾਲ ਸੰਪਰਕ ਕੀਤਾ। ਸ਼ਾਹਕੋਟ ਪੁਲੀਸ ਨੇ ਉਨ੍ਹਾਂ ਨੂੰ ਸ਼ੁੱਕਰਵਾਰ ਆਉਣ ਲਈ ਕਿਹਾ। ਅੱਜ ਜਿਉਂ ਹੀ ਉਹ ਸ਼ਾਹਕੋਟ ਥਾਣੇ ਪਹੁੰਚੇ ਤਾਂ ਐੱਸ.ਐੱਚ.ਓ. ਨੇ ਉਨ੍ਹਾਂ ਨੂੰ ਥਾਣਾ ਲੋਹੀਆਂ ਖਾਸ ’ਚ ਪਤਾ ਕਰਨ ਲਈ ਭੇਜ ਦਿੱਤਾ। ਜਿਉਂ ਹੀ ਉਹ ਥਾਣਾ ਲੋਹੀਆਂ ਖਾਸ ਥਾਣੇ ਵਿਚ ਗਏ ਤਾਂ ਉੱਥੇ ਉਨ੍ਹਾਂ ਨੂੰ ਉਨ੍ਹਾਂ ਦਾ ਲੜਕਾ ਹਿਰਾਸਤ ’ਚ ਮਿਲਿਆ। ਉਨ੍ਹਾਂ ਕਿਹਾ ਕਿ ਪੁਲੀਸ ਨੇ ਉਨ੍ਹਾਂ ਦੇ ਲੜਕੇ ਉੱਪਰ ਤਸ਼ੱਦਦ ਕੀਤਾ ਤੇ ਕਈ ਦੇਸ਼ਾਂ ਦੀ ਕਰੰਸੀ ਵੀ ਲੈ ਲਈ।
ਐਸ.ਐਚ.ਓ ਲੋਹੀਆਂ ਖਾਸ ਸੁਖਦੇਵ ਸਿੰਘ ਨੇ ਇਸ ਸਬੰਧੀ ਕਿਹਾ ਕਿ ਵੱਖ-ਵੱਖ ਵਿਦੇਸ਼ੀ ਕਰੰਸੀ ਨਾਲ ਨੌਜਵਾਨ ਨੂੰ ਸ਼ੱਕ ’ਤੇ ਕਾਬੂ ਕੀਤਾ ਗਿਆ ਹੈ। ਉਨ੍ਹਾਂ ਨੌਜਵਾਨ ਉੱਪਰ ਤਸ਼ੱਦਦ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਵਿਦੇਸ਼ੀ ਤੇ ਦੇਸ਼ੀ ਕਰੰਸੀ ਸਬੰਧੀ ਉਸ ਕੋਲੋਂ ਪੜਤਾਲ ਕੀਤੀ ਗਈ ਹੈ।