ਹਰਪ੍ਰੀਤ ਕੌਰ
ਹੁਸ਼ਿਆਰਪੁਰ, 17 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਧੁੱਗਾ, ਸਕੱਤਰ ਓਮ ਸਿੰਘ ਸਟਿਆਣਾ, ਸ਼ਿੰਗਾਰਾ ਸਿੰਘ ਮੁਕੀਮਪੁਰ, ਸਤਪਾਲ ਸਿੰਘ ਡਡਿਆਣਾ ਕਲਾਂ, ਜਸਵੀਰ ਸਿੰਘ, ਹਰਭਜਨ ਸਿੰਘ, ਸੁਰਜੀਤ ਸਿੰਘ, ਹਰਵੇਲ ਸਿੰਘ, ਤਰਲੋਕ ਸਿੰਘ ਮਨੀ, ਸੋਹਣ ਸਿੰਘ ਤੇ ਮਨਜੀਤ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿੱਚ ਮਾਰਚ ਕੱਢਿਆ ਗਿਆ।
ਇਸ ਮੌਕੇ ਸਵਰਨ ਸਿੰਘ ਧੁੱਗਾ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਏ ਫ਼ੈਸਲਿਆਂ ਨੂੰ ਕਿਸੇ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ।
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਭੋਗਪੁਰ ਨੇ ਕੇਂਦਰ ਸਰਕਾਰ ਦੀ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਦਾਣਾ ਮੰਡੀ ਭੋਗਪੁਰ ਦੇ ਗੇਟ ਨੇੜੇ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਪਾਰੀ ਵਰਗ ਦੀ ਖ਼ੁਸ਼ਹਾਲੀ ਤੇ ਕਿਸਾਨਾਂ ਦੀ ਬਰਬਾਦੀ ਦਾ ਸਿਧਾਂਤ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨ ਦੀ ਆਰਥਿਕਤਾ ਤਬਾਹ ਕਰਨ ਲਈ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਅਤੇ ਇਕ ਬਿਜਲੀ ਸੋਧ ਆਰਡੀਨੈਂਸ ਲੈ ਆਂਦਾ ਹੈ। ਇਸ ਤੋਂ ਇਲਾਵਾ ਡੀਜ਼ਲ ਤੇਲ ਦੀਆਂ ਕੀਮਤਾਂ ਅਸਮਾਨੀਂ ਚੜ੍ਹਾ ਦਿੱਤੀਆਂ ਹਨ। ਸ੍ਰੀ ਚੌਲਾਂਗ ਨੇ ਕਿਹਾ ਕਿ ਜੇ ਸਰਕਾਰ ਨੇ ਕਿਸਾਨ ਮਾਰੂ ਨੀਤੀਆਂ ਖ਼ਤਮ ਨਾ ਕੀਤੀਆਂ ਤਾਂ ਕਿਸਾਨ ਸੜਕਾਂ ’ਤੇ ਧਰਨਾ ਦੇਣਗੇ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਮਾਰਚ
ਫਿਲੌਰ (ਸਰਬਜੀਤ ਸਿੰਘ ਗਿੱਲ): ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮੋਟਰਸਾਈਕਲਾਂ ’ਤੇ ਰੋਸ ਮਾਰਚ ਕੀਤਾ ਗਿਆ। ਇਸ ਮਾਰਚ ਦੌਰਾਨ ਉਨ੍ਹਾਂ ਕਾਲੇ ਕੱਪੜੇ ਪਾ ਕੇ ਅਤੇ ਮਾਟੋ, ਝੰਡੇ ਲੈ ਕੇ ਸ਼ਹਿਰ ਦਾ ਚੱਕਰ ਲਾਇਆ। ਇਹ ਮਾਰਚ ਗੁਰਦੁਆਰਾ ਬਾਉਲੀ ਸਾਹਿਬ ਤੋਂ ਆਰੰਭ ਹੋਇਆ। ਇਨ੍ਹਾਂ ਕਿਸਾਨਾਂ ਨੇ ਕਿਸਾਨ ਮਾਰੂ ਤਿੰਨ ਨਵੇਂ ਐਕਟ, ਬਿਜਲੀ ਨਾਲ ਸਬੰਧਿਤ ਬਿੱਲ, ਤੇਲ ਕੀਮਤਾਂ, ਕਰਜ਼ਿਆਂ ਕਾਰਨ ਹੋ ਰਹੀਆਂ ਖ਼ੁਦਕੁਸ਼ੀਆਂ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਵਰਗੇ ਮੁੱਦਿਆਂ ਨੂੰ ਦਰਸਾਉਂਦੇ ਸਲੋਗਨ ਵਾਲੇ ਬੈਨਰ ਵੀ ਫੜੇ ਹੋਏ ਸਨ।