ਜਸਬੀਰ ਸਿੰਘ ਚਾਨਾ
ਫਗਵਾੜਾ, 7 ਫਰਵਰੀ
ਭਾਜਪਾ ਆਉਂਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਪੰਜਾਬ ’ਚ ਗਰੀਬਾ ਦੀ ਲੜਾਈ ਲੜਨ ਵਾਲੀ ਮੋਹਰੀ ਸਰਕਾਰ ਬਣੇਗੀ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਗਰੀਬਾਂ ਦੀ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ, 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਕਮਿਸ਼ਨ ਬਣਾ ਕੇ ਸਜ਼ਾ ਦਿਵਾਉਣਾ, ਦਿੱਲੀ-ਜੰਮੂ ਮਾਰਗ ’ਚ ਖਡੂਰ ਸਾਹਿਬ ਸਣੇ ਕਈ ਹੋਰ ਗੁਰਦਵਾਰਿਆਂ ਦੇ ਰਸਤੇ ਨੂੰ ਇਸ ’ਚ ਸ਼ਾਮਲ ਕਰਨਾ, ਦਰਬਾਰ ਸਾਹਿਬ ਦੇ ਲੰਗਰਾਂ ਤੇ ਜੀਐੱਸਟੀ ਨੂੰ ਖ਼ਤਮ ਕਰਨ ਵਰਗੇ ਫ਼ੈਸਲੇ ਮੋਦੀ ਸਰਕਾਰ ਨੇ ਕਰਵਾਏ ਹਨ। ਇਥੇ ਭਾਜਪਾ ਦੇ ਉਮੀਦਵਾਰ ਵਿਜੈ ਸਾਂਪਲਾ ਦੀ ਨਵੀਂ ਰਿਹਾਇਸ਼ ’ਤੇ ਗੱਲਬਾਤ ਦੌਰਾਨ ਤਰੁਣ ਚੁੱਘ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਗਰੀਬ ਵਰਗ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਂਪਲਾਂ ਨੂੰ ਪਹਿਲਾ ਹੁਸ਼ਿਆਰਪੁਰ ਲੋਕ ਸਭਾ ਤੋਂ ਜਿੱਤਾ ਕੇ ਪਾਰਲੀਮੈਂਟ ’ਚ ਭੇਜਿਆ ਸੀ ਤਾਂ ਭਾਜਪਾ ਨੇ ਉਨ੍ਹਾਂ ਨੂੰ ਕੇਂਦਰ ’ਚ ਮੰਤਰੀ ਦਾ ਅਹੁਦਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਤੁਸੀਂ ਸਾਂਪਲਾ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਅਸੀਂ ਇਨ੍ਹਾਂ ਨੂੰ ਪੰਜਾਬ ਦੇ ਮੋਹਰੀ ਆਗੂਆਂ ਦੇ ਰੂਪ ’ਚ ਪੇਸ਼ ਕਰਾਂਗੇ ਤਾਂ ਜੋ ਇਹ ਲੋਕਾਂ ਦੇ ਦੁੱਖ ਦਰਦ ਨੂੰ ਦੂਰ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ 111 ਦਿਨਾਂ ਦੀ ਹਨੀ-ਮਨੀ ਦੀ ਲੁੱਟ ਦੀ ਸਰਕਾਰ ਹੈ ਤੇ ਇਨ੍ਹਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਲੁੱਟਣ ਲਈ ਕੰਮ ਕੀਤਾ ਹੈ। ਭਗਵੰਤ ਮਾਨ ਦੇ ਮੈਂਬਰ ਪਾਰਲੀਮੈਂਟ ਹੁੰਦਿਆਂ ਕਈ ਮੈਂਬਰਾਂ ਨੇ ਉਨ੍ਹਾਂ ਕੋਲੋਂ ਸ਼ਰਾਬ ਦੀ ਬਦਬੂ ਆਉਣ ਦੇ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਕਿ ਹੁਣ ਲੋਕ ਸਾਨੂੰ ਮੌਕਾ ਦੇਣ ਤੇ ਅਸੀਂ ਚੰਗੀ ਸੂਝ ਤੇ ਲੋਕਾਂ ਦੀਆਂ ਭਾਵਨਾਵਾ ਨੂੰ ਸਮਝਣ ਵਾਲਾ ਚਿਹਰਾ ਮੁੱਖ ਮੰਤਰੀ ਵਜੋਂ ਪੇਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਤੋਂ ਵੀ ਲੋਕ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ‘ਆਪ’ ’ਤੇ ਵਰ੍ਹਦਿਆਂ ਚੁੱਘ ਨੇ ਕਿਹਾ ਕਿ ਇਹ ਪਾਰਟੀ ਲੋਕਾਂ ਨੂੰ ਭੁਲੇਖੇ ਪਾ ਕੇ ਸੱਤਾ ਲੁੱਟਣ ਦੇ ਚੱਕਰ ’ਚ ਹੈ ਜਿਸ ਨੂੰ ਲੋਕ ਸਫ਼ਲ ਨਹੀਂ ਹੋਣ ਦੇਣਗੇ।
ਫਗਵਾੜਾ ਦਾ ਬਣ ਕੇ ਰਹਾਂਗਾ: ਸਾਂਪਲਾ
ਇਥੋਂ ਦੇ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਜੋ ਜਲੰਧਰ ਦੇ ਵਾਸੀ ਹਨ ਉਨ੍ਹਾਂ ਨੇ ਆਪਣਾ ਘਰ ਇੱਥੇ ਅਰਬਨ ਅਸਟੇਟ ਵਿੱਚ ਲੈ ਲਿਆ ਹੈ ਤੇ ਰਿਹਾਇਸ਼ ’ਚ ਰਹਿਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਭਾਵੇਂ ਕਿਸੇ ਵੀ ਹਾਲਾਤ ’ਚ ਰਹਿਣ ਪਰ ਫਗਵਾੜਾ ਹੀ ਰਹਿਣਗੇ ਤੇ ਪਾਰਟੀ ਤੇ ਲੋਕਾਂ ਨੂੰ ਸਮਰਪਿਤ ਹੋ ਕੇ ਕੰਮ ਕਰਨਗੇ।