ਜ਼ਹਿਰੀਲੀ ਸ਼ਰਾਬ ਖ਼ਿਲਾਫ਼ ਭਾਜਪਾ ਮਹਿਲਾ ਮੋਰਚਾ ਵੱਲੋਂ ਮੁਜ਼ਾਹਰੇ

ਜ਼ਹਿਰੀਲੀ ਸ਼ਰਾਬ ਖ਼ਿਲਾਫ਼ ਭਾਜਪਾ ਮਹਿਲਾ ਮੋਰਚਾ ਵੱਲੋਂ ਮੁਜ਼ਾਹਰੇ

ਮੁਕੇਰੀਆਂ ਵਿੱਚ ਮੁਜ਼ਾਹਰਾ ਕਰਦੀਆਂ ਹੋਈਆਂ ਭਾਜਪਾ ਮਹਿਲਾ ਵਿੰਗ ਦੀਆਂ ਕਾਰਕੁਨ।-ਫੋਟੋ: ਜਗਜੀਤ

ਪਾਲ ਸਿੰਘ ਨੌਲੀ
ਜਲੰਧਰ, 6 ਅਗਸਤ 

ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੀ ਰੋਕਥਾਮ ਲਈ ਮਹਿਲਾ ਭਾਜਪਾ ਨੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਦੇਖ-ਰੇਖ ਹੇਠ ਮਹਿਲਾ ਮੋਰਚਾ ਦੀ ਪ੍ਰਧਾਨ ਮੀਨੂੰ ਸ਼ਰਮਾ ਨੇ ਸ਼ਹਿਰ ਵਿੱਚ ਤਿੰਨ ਥਾਵਾਂ ’ਤੇ ਨਕਲੀ ਸ਼ਰਾਬ ਮਾਫ਼ੀਆ ਵਿਰੁੱਧ ਧਰਨਾ ਦਿੱਤਾ। ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਰੱਖਦੇ ਹੋਏ ਮਹਿਲਾ ਮੋਰਚਾ ਦੀਆਂ ਔਰਤਾਂ ਨੇ ਕਾਲੇ ਬਿੱਲੇ ਲਾ ਕੇ ਸ਼ਾਂਤਮਈ ਰੋਸ ਪ੍ਰਗਟਾਇਆ। ਮੋਰਚੇ ਦੀ ਜ਼ਿਲ੍ਹਾ ਪ੍ਰਧਾਨ ਮੀਨੂੰ ਸ਼ਰਮਾ ਨੇ ਦੱਸਿਆ ਕਿ ਸੂਬੇ ਦੀ ਕੈਪਟਨ ਸਰਕਾਰ ਨਸ਼ਿਆਂ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ ਸਗੋਂ ਸ਼ਰਾਬ ਮਾਫ਼ੀਆ ਦੀ ਸਰਪ੍ਰਸਤੀ ਵੀ ਕਰ ਰਹੀ ਹੈ। ਲੌਕਡਾਊਨ ਦੌਰਾਨ ਪੰਜਾਬ ਵਿੱਚ ਕਾਂਗਰਸੀ ਆਗੂਆਂ ਤੇ ਸ਼ਰਾਬ ਮਾਫ਼ੀਆ ਨੇ ਮਿਲ ਕੇ ਆਪ ਤਾਂ ਕਰੋੜ ਰੁਪਏ ਕਮਾ ਲਏ ਪਰ ਸਰਕਾਰ ਨੂੰ ਮੋਟਾ ਚੂਨਾ ਲਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨਸ਼ਿਆਂ ਦੀ ਰੋਕਥਾਮ ਕਰੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ।

ਗੁਰਦਾਸਪੁਰ (ਕੇ ਪੀ ਸਿੰਘ): ਭਾਜਪਾ ਮਹਿਲਾ ਮੋਰਚਾ ਮੰਡਲ ਗੁਰਦਾਸਪੁਰ ਵੱਲੋਂ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਅਤੇ ਪੰਜਾਬ ਵਿੱਚ ਨਸ਼ਿਆਂ  ਦੀ ਵਧਦੀ ਵਰਤੋਂ ਦੇ ਵਿਰੋਧ ਵਿੱਚ ਗੁਰਦਾਸਪੁਰ ਮੰਡਲ ਦੇ ਸਹਿਯੋਗ ਨਾਲ ਸਥਾਨਕ ਗੁਰੂ ਨਾਨਕ ਪਾਰਕ ਵਿੱਚ ਧਰਨਾ ਦਿੱਤਾ ਗਿਆ ਜਿਸ ਦੀ  ਅਗਵਾਈ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਸੰਤੋਸ਼ ਮਹਾਜਨ ਨੇ ਕੀਤੀ।

ਮੁਕੇਰੀਆਂ (ਜਗਜੀਤ ਸਿੰਘ): ਭਾਜਪਾ ਮਹਿਲਾ ਵਿੰਗ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰੋਸ ਪ੍ਰਦਰਸ਼ਨ ਦੌਰਾਨ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਇਸ ਪ੍ਰਦਰਸ਼ਨ ਦੀ ਅਗਵਾਈ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਅੰਜਨਾ ਕਟੋਚ ਨੇ ਕੀਤੀ। ਇਸ ਮੌਕੇ ਬੀਬੀ ਮੋਰਚਾ ਦੀ ਸੂਬਾ ਸਕੱਤਰ ਹਰਪਿੰਦਰ ਕੌਰ, ਪ੍ਰਧਾਨ ਅੰਜਨਾ ਕਟੋਚ ਤੇ ਨੇਕ ਮਿਨਹਾਸ ਨੇ ਮੰਗ ਕੀਤੀ ਕਿ ਨਾਜਾਇਜ਼ ਸ਼ਰਾਬ ਮਾਮਲੇ ਦੀ ਜਾਂਚ ਸੁਤੰਤਰ ਏਜੰਸੀ ਤੋਂ ਕਰਵਾਈ ਜਾਵੇ ਅਤੇ ਇਸ ਧੰਦੇ ਵਿੱਚ ਲੱਗੇ ਸਿਆਸੀ ਲੋਕਾਂ ਦੇ ਚਿਹਰੇ ਬੇਨਕਾਬ ਕੀਤੇ ਜਾਣ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All