ਪੱਤਰ ਪ੍ਰੇਰਕ
ਤਲਵਾੜਾ, 14 ਸਤੰਬਰ
ਅੱਜ ਇੱਥੇ ਪੰਜਾਬ ਭਾਜਪਾ ਦੇ ਕਾਰਜਕਾਰਨੀ ਮੈਂਬਰ, ਰੋਪੜ ਤੋਂ ਪ੍ਰਭਾਰੀ ਤੇ ਪ੍ਰਸਿੱਧ ਠੇਕੇਦਾਰ ਸੁਸ਼ੀਲ ਕੁਮਾਰ ਸ਼ਰਮਾ ਉਰਫ਼ ਪਿੰਕੀ ਕਮਲ ਛੱਡ ਹਾਥੀ ’ਤੇ ਸਵਾਰ ਹੋ ਗਏ। ਬਹੁਜਨ ਸਮਾਜ ਪਾਰਟੀ ਵੱਲੋਂ ਸਥਾਨਕ ਡੈਮ ਰੋਡ ਸਥਿਤ ਨਿੱਜੀ ਰੇਸਤਰਾਂ ਦੇ ਵਿਹੜੇ ’ਚ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ 360ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ, ਸੂਬਾ ਜਨ ਸਕੱਤਰ ਗੁਰਲਾਲ ਸੈਲਾ ਸਮੇਤ ਸੂਬੇ ਤੇ ਜ਼ਿਲ੍ਹੇ ਦੀ ਲੀਡਰਸ਼ਿਪ ਤੋਂ ਇਲਾਵਾ ਸ਼੍ਰੋ. ਅ. ਦ. ਬਾਦਲ ਦੇ ਜ਼ਿਲ੍ਹਾ ਹੁਸ਼ਿਆਰਪੁਰ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਸ਼ਿਰਕਤ ਕੀਤੀ। ਸਮਾਗਮ ‘ਚ ਸੁਸ਼ੀਲ ਕੁਮਾਰ ਸ਼ਰਮਾ ਉਰਫ਼ ਪਿੰਕੀ ਆਪਣੇ ਪਰਿਵਾਰ ਤੇ ਸਮਰਥਕਾਂ ਸਮੇਤ ਭਾਜਪਾ ਨੂੰ ਅਲਵਿਦਾ ਆਖ ਬਸਪਾ ’ਚ ਸ਼ਾਮਲ ਹੋਏ।
ਹਾਲਾਂਕਿ ਅੱਜ ਸਮਾਗਮ ’ਚ ਬਸਪਾ ਦੇ ਰਾਸ਼ਟਰੀ ਆਗੂ ਅਤੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਬੈਨੀਪਾਲ ਦੇ ਨਾ ਆਉਣ ਕਾਰਨ ਹਲ਼ਕਾ ਦਸੂਹਾ ਤੋਂ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਦਾ ਰਸਮੀ ਐਲਾਨ ਨਹੀਂ ਹੋ ਸਕਿਆ ਪਰ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਤਿੰਨ ਵਾਰ ਸੁਸ਼ੀਲ ਕੁਮਾਰ ਸ਼ਰਮਾ ਉਰਫ਼ ਪਿੰਕੀ ਨੂੰ ਅਗਾਮੀ ਵਿਧਾਨ ਸਭਾ ਚੋਣਾਂ ’ਚ ਦਸੂਹਾ ਤੋਂ ਸੰਭਾਵੀ ਉਮੀਦਵਾਰ ਹੋਣ ਦਾ ਇਸ਼ਾਰਾ ਕੀਤਾ।