ਪਾਲ ਸਿੰਘ ਨੌਲੀ
ਜਲੰਧਰ, 6 ਨਵੰਬਰ
ਕਰੋਨਾ ਦੇ ਚੱਲਦਿਆਂ ਨਗਰ ਨਿਗਮ ਹਾਊਸ ਦੀ ਅੱਠ ਮਹੀਨਿਆਂ ਬਾਅਦ ਹੋਈ ਮੀਟਿੰਗ ਚਾਰ ਘੰਟਿਆਂ ਤੋਂ ਵੱਧ ਚੱਲੀ ਪਰ ਏਜੰਡੇ ’ਤੇ ਕੋਈ ਵੀ ਗੱਲ ਨਹੀਂ ਹੋਈ। ਜ਼ੀਰੋ ਆਵਰ ਦੌਰਾਨ ਹੀ ਵਿਰੋਧੀ ਧਿਰ ਵਿਚੋਂ ਭਾਜਪਾ ਦੇ ਕੌਂਸਲਰਾਂ ਨੇ ਸ਼ਹਿਰ ਵਿਚ ਨਾਜਾਇਜ਼ ਕਲੋਨੀਆਂ, ਥਾਂ-ਥਾਂ ਕੂੜੇ ਦੇ ਡੰਪ ਅਤੇ ਸਮਾਰਟ ਸਿਟੀ ਤਹਿਤ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਪ੍ਰਾਜੈਕਟ ਸ਼ੁਰੂ ਨਾ ਹੋਣ ’ਤੇ ਸੱਤਾਧਾਰੀ ਧਿਰ ਨੂੰ ਘੇਰਿਆ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਟੁੱਟਣ ਤੋਂ ਬਾਅਦ ਹਾਊਸ ਦੀ ਹੋਈ ਪਹਿਲੀ ਮੀਟਿੰਗ ਵਿਚ ਜਿਥੇ ਭਾਜਪਾ ਦੇ ਕੌਂਸਲਰਾਂ ਨੇ ਹਮਲਾਵਰ ਰੁਖ਼ ਰੱਖਿਆ ਉਤੇ ਅਕਾਲੀ ਦਲ ਦੇ ਕੌਂਸਲਰ ਸ਼ਾਂਤ ਬੈਠੇ ਰਹੇ। ਕਰੋਨਾ ਕਾਰਨ ਸਮਾਜਿਕ ਦੂਰੀ ਬਣਾਈ ਰੱਖਣ ਲਈ ਇਹ ਮੀਟਿੰਗ ਨਗਰ ਨਿਗਮ ਦਫਤਰ ਵਿਚ ਹੋਣ ਦੀ ਥਾਂ ਇਕ ਹੋਟਲ ਵਿਚ ਹੋਈ। ਹਾਊਸ ਵਿਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ। 80 ਮੈਂਬਰਾਂ ਦੇ ਇਸ ਹਾਊਸ ਵਿਚੋਂ ਅੱਜ ਦੀ ਮੀਟਿੰਗ ਵਿਚ 65 ਕੌਂਸਲਰ ਹਾਜ਼ਰ ਸਨ। ਇਨ੍ਹਾਂ ਵਿਚੋਂ ਭਾਜਪਾ ਦੇ 8 ਕੌਂਸਲਰ ਮੀਟਿੰਗ ਵਿਚ ਹਾਜ਼ਰ ਰਹੇ ਪਰ ਉਨ੍ਹਾਂ ਨੂੰ ਬੈਠਣ ਲਈ ਵੱਖਰੀ ਥਾਂ ਦਾ ਪ੍ਰਬੰਧ ਨਾ ਕੀਤੇ ਜਾਣ ’ਤੇ ਉਹ ਮੀਟਿੰਗ ਵਾਲੀ ਥਾਂ ’ਤੇ ਖੜ੍ਹੇ ਰਹੇ। ਕੌਂਸਲਰ ਇਸ ਗੱਲੋਂ ਨਰਾਜ਼ ਸਨ ਕਿ ਨਗਰ ਨਿਗਮ ਦਫਤਰ ਵਿਚ ਅਧਿਕਾਰੀ ਉਨ੍ਹਾਂ ਦਾ ਕਹਿਣਾ ਨਹੀਂ ਮੰਨਦੇ। ਮੇਅਰ ਜਗਦੀਸ਼ ਰਾਜਾ ਨੇ ਹਾਊਸ ਨੂੰ ਭਰੋਸਾ ਦਿੱਤਾ ਕਿ ਜਿਹੜਾ ਅਧਿਕਾਰੀ ਕੰਮ ਨਹੀਂ ਕਰੇਗਾ ਉਸ ਨੂੰ ਹਾਊਸ ਵਿਚ ਹੀ ਸਜ਼ਾ ਸੁਣਾਈ ਜਾਵੇਗੀ। ਭਾਜਪਾ ਦੇ ਕੌਂਸਲਰ ਸ਼ਹਿਰ ਵਿਚ ਵਿਕਾਸ ਪਏ ਠੱਪ ਪਏ ਕੰਮਾਂ ਦਾ ਮੁੱਦਾ ਵਾਰ ਵਾਰ ਉਠਾ ਰਹੇ ਸਨ। ਹਾਊਸ ਵਿਚ ਉਠਾਏ ਗਏ ਮੁੱਦਿਆਂ ਦੇ ਜਵਾਬ ਕਮਿਸ਼ਨਰ ਕੁਰਨੇਸ਼ ਕੁਮਾਰ ਨੇ ਦਿੱਤੇ।