ਪਾਲ ਸਿੰਘ ਨੌਲੀ
ਜਲੰਧਰ, 9 ਫਰਵਰੀ
ਉੱਤਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਦੇ ਘਰ ’ਤੇ ਅੱਜ ਇਕ ਨੌਜਵਾਨ ਨੇ ਇੱਟਾਂ-ਪੱਥਰ ਮਾਰੇ। ਪੱਥਰਬਾਜ਼ੀ ਕਾਰਨ ਭਾਜਪਾ ਆਗੂ ਦੇ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਹਮਲਾਵਰ ਨੇ ਘਰ ਦੇ ਬਾਹਰ ਖੜ੍ਹੀਆਂ ਕਾਰਾਂ ਦੇ ਵੀ ਸ਼ੀਸ਼ੇ ਭੰਨ ਦਿੱਤੇ। ਭਾਜਪਾ ਉਮੀਦਵਾਰ ਕੇਡੀ ਭੰਡਾਰੀ ਦੀ ਨੂੰਹ ਨੇ ਦੱਸਿਆ ਕਿ ਉਹ ਕੁਝ ਔਰਤਾਂ ਨਾਲ ਆਪਣੇ ਘਰ ਵਿਚ ਮੀਟਿੰਗ ਕਰ ਰਹੀ ਸੀ ਤਾਂ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ। ਜਦੋਂ ਉਸ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਇਕ ਨੌਜਵਾਨ ਦੌੜ ਰਿਹਾ ਸੀ, ਜਿਸ ਨੂੰ ਇਲਾਕਾ ਵਾਸੀਆਂ ਨੇ ਕਾਬੂ ਕਰ ਲਿਆ ਤੇ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।
ਭਾਜਪਾ ਉਮੀਦਵਾਰ ਦੇ ਨਿੱਜੀ ਸਹਾਇਕ ਨੇ ਦੋਸ਼ ਲਾਇਆ ਕਿ ਸਬੰਧਤ ਥਾਣੇ ਦੀ ਪੁਲੀਸ ਦੋ ਘੰਟੇ ਦੇਰੀ ਨਾਲ ਮੌਕੇ ’ਤੇ ਪੁੱਜੀ, ਜਿਸ ਨਾਲ ਸ਼ੱਕ ਦੀ ਸੂਈ ਸੱਤਾਧਾਰੀ ਧਿਰ ਕਾਂਗਰਸ ਵੱਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗਨੀਮਤ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਦੇ ਕੋਈ ਸੱਟ ਨਹੀਂ ਲੱਗੀ। ਭਾਜਪਾ ਉਮੀਦਵਾਰ ਕੇਡੀ ਭੰਡਾਰੀ ਦਾ ਕਹਿਣਾ ਹੈ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਮਿਲ ਰਿਹਾ ਲੋਕਾਂ ਦਾ ਭਰਪੂਰ ਸਹਿਯੋਗ ਵਿਰੋਧੀਆਂ ਵੱਲੋਂ ਬਰਦਾਸ਼ਤ ਨਹੀਂ ਹੋ ਰਿਹਾ, ਸ਼ਾਇਦ ਇਸੇ ਤਹਿਤ ਹੀ ਕਿਸੇ ਵੱਲੋਂ ਹਮਲਾ ਕਰਵਾਇਆ ਗਿਆ ਹੈ।