ਪੱਤਰ ਪ੍ਰੇਰਕ
ਆਦਮਪੁਰ ਦੋਆਬਾ(ਜਲੰਧਰ), 15 ਅਕਤੂਬਰ
ਭਾਜਪਾ ਦੀ ਜਲੰਧਰ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਕੰਪਨੀ ਬਾਗ਼ ਚੌਕ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ। ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਤੇ ਹੋਰਨਾਂ ਨੇ ਕਿਹਾ ਕਿ ਬੀਤੇ ਦਿਨੀਂ ਜਲੰਧਰ ਦੇ ਇੱਕ ਪ੍ਰਾਈਵੇਟ ਸਕੂਲ ਵਿਚ ਹੋਈ ਚੋਰੀ ਦੌਰਾਨ 35 ਲੱਖ ਰੁਪਏ ਦੇ ਗਬਨ ਸਬੰਧੀ ਦਕੋਹਾ ਪੁਲੀਸ ਚੌਕੀ ਦੇ ਇੰਚਾਰਜ ਅਤੇ ਸਕੂਲ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਜਲੰਧਰ ਦੇ ‘ਆਪ’ ਵਿਧਾਇਕ ਦਾ ਰਿਸ਼ਤੇਦਾਰ ਵੀ ਸ਼ਾਮਲ ਹੈ। ਉਸ ਨੂੰ ਬਚਾਉਣ ਲਈ ਵਿਧਾਇਕ ਪੂਰਾ ਜ਼ੋਰ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਚੋਰ-ਲੁਟੇਰਿਆਂ ਦਾ ਸਾਥ ਦੇ ਰਹੇ ਹਨ।
ਇਸ ਮੌਕੇ ਮਹਿੰਦਰ ਭਗਤ ਅਤੇ ਸਰਬਜੀਤ ਸਿੰਘ ਮਕੜ ਨੇ ਕਿਹਾ ਕਿ ਇਸ ਕੇਸ ਵਿਚ ਫਸੇ ਏਐਸਆਈ ਨੇ ਕਿਹਾ ਹੈ ਕਿ ਉਹ ਇਸ ਕੇਸ ਨਾਲ ਸਬੰਧ ਰੱਖਣ ਵਾਲੇ ਸਾਰੇ ਵਿਅਕਤੀਆਂ ਦੇ ਨਾਂ ਲੈ ਦੇਵੇਗਾ। ਇਸ ਤੋਂ ਬਾਅਦ ਵਿਧਾਇਕ ਉਸ ਨੂੰ ਬਚਾਉਣ ਵਿਚ ਲੱਗੇ ਹੋਏ ਹਨ। ਉਨ੍ਹਾਂ ‘ਆਪ’ ਵਿਧਾਇਕ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਕਿਹਾ ਕਿ ਵਿਧਾਇਕ ਵਿਰੁੱਧ ਪਹਿਲਾਂ ਹੀ ਕਥਿਤ ਕੇਸ ਦਰਜ ਹਨ।
ਉਨ੍ਹਾਂ ਕਿਹਾ ਕਿ ਫ਼ਰਕ ਇੰਨਾ ਹੈ ਕਿ ਪਹਿਲਾਂ ਉਹ ਧਮਕੀਆਂ ਦਿੰਦਾ ਸੀ ਤੇ ਹੁਣ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸ ਮੌਕੇ ਭਾਜਪਾ ਦੇ ਆਗੂ ਤੇ ਵਰਕਰ ਹਾਜ਼ਰ ਸਨ।
ਘੱਟ ਬਰਾਮਦਗੀ ਦਿਖਾਉਣ ਦੇ ਦੋਸ਼ ਹੇਠ ਸਾਬਕਾ ਚੌਕੀ ਇੰਚਾਰਜ ਖ਼ਿਲਾਫ਼ ਕੇਸ
ਆਦਮਪੁਰ ਦੋਆਬਾ(ਜਲੰਧਰ): ਇਥੇ ਨਿੱਜੀ ਸਕੂਲ ਵਿੱਚੋਂ 35 ਲੱਖ ਰੁਪਏ ਦੀ ਚੋਰੀ ਦਾ ਮਾਮਲਾ ਹੱਲ ਕਰਦੇ ਹੋਏ ਪੁਲੀਸ ਨੇ ਚੋਰੀ ਦੀ ਰਕਮ ਵਿੱਚੋਂ 30 ਲੱਖ ਦੀ ਥਾਂ ਕੇਵਲ 8 ਲੱਖ 5 ਹਜ਼ਾਰ 500 ਰੁਪਏ ਦੀ ਬਰਾਮਦਗੀ ਦਿਖਾਉਣ ਵਾਲੇ ਸਾਬਕਾ ਚੌਕੀ ਇੰਚਾਰਜ ਮੁਨੀਸ਼ ਕੁਮਾਰ ਖ਼ਿਲਾਫ਼ ਥਾਣਾ ਰਾਮਾਂ ਮੰਡੀ ਵਿੱਚ ਕੇਸ ਦਰਜ ਕਰ ਲਿਆ ਹੈ। ਇਹ ਖ਼ੁਲਾਸਾ ਉਦੋਂ ਹੋਇਆ ਜਦੋਂ ਇਕ ਔਰਤ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਘਰ ਵਿੱਚੋਂ ਕੀਮਤੀ ਸਾਮਾਨ ਚੋਰੀ ਹੋ ਗਿਆ ਹੈ। ਉਸ ਦੇ ਕਹਿਣ ’ਤੇ ਪੁਲੀਸ ਨੇ ਕਪੂਰਥਲਾ ਜੇਲ੍ਹ ’ਚ ਬੰਦ ਸ਼ਾਮੂ ਤੋਂ ਪੜਤਾਲ ਕੀਤੀ। ਉਸ ਨੇ ਔਰਤ ਦੇ ਘਰੋਂ ਚੋਰੀ ਦਾ ਦੋਸ਼ ਨਹੀਂ ਕਬੂਲਿਆ ਪਰ ਪਿੰਡ ਦਕੋਹਾ ਦੇ ਸਕੂਲ ਵਿੱਚੋਂ 35 ਲੱਖ ਰੁਪਏ ਦੀ ਨਕਦੀ ਚੋਰ ਕਰਨ ਦੀ ਵਾਰਦਾਤ ਕਬੂਲ ਕੀਤੀ। ਸ਼ਾਮੂ ਨੇ ਦੱਸਿਆ ਕਿ ਪੁਲੀਸ ਨੇ ਉਸ ਦੇ ਘਰੋਂ 30 ਲੱਖ ਰੁਪਏ ਦੀ ਨਕਦੀ ਅਤੇ ਚੋਰੀ ਦੇ ਪੈਸਿਆਂ ਨਾਲ ਖ਼ਰੀਦਿਆ ਸਾਮਾਨ ਬਰਾਮਦ ਕੀਤਾ ਸੀ, ਜਿਸ ਨੂੰ ਮੁਨੀਸ਼ ਕੁਮਾਰ ਨੇ ਆਪਣੇ ਕੋਲ ਰੱਖ ਲਿਆ ਸੀ।