ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਮਈ
ਅਤਿਵਾਦ ਵਿਰੋਧੀ ਫਰੰਟ ਦੇ ਮੁਖੀ ਮਨਿੰਦਰਜੀਤ ਸਿੰਘ ਬਿੱਟਾ ਨੇ ਬੰਦੀ ਸਿੱਖਾਂ ਦੀ ਰਿਹਾਈ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੇ ਲੋਕਾਂ ਨੇ ਅਤਿਵਾਦ ਦੌਰਾਨ ਕਤਲੇਆਮ ਕੀਤਾ ਹੈ, ਉਨ੍ਹਾਂ ਨੂੰ ਬਖਸ਼ਣਾ ਨਹੀਂ ਚਾਹੀਦਾ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟਾ ਨੇ ਕਿਹਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ 1993 ਵਿੱਚ ਉਨ੍ਹਾਂ ’ਤੇ ਹਮਲਾ ਕੀਤਾ ਸੀ ਤਾਂ 11 ਨਿਰਦੋਸ਼ ਲੋਕ ਮਾਰੇ ਗਏ ਸਨ ਤੇ 50 ਜਣੇ ਜ਼ਖਮੀ ਹੋ ਗਏ ਸਨ। ਅਜਿਹੇ ਲੋਕਾਂ ਨੂੰ ਛੱਡਣ ਲਈ ਜਿਹੜੀ ਇਕੱਤਰਤਾ ਅੰਮ੍ਰਿਤਸਰ ਵਿੱਚ ਕੀਤੀ ਗਈ ਹੈ ਉਸ ਨਾਲ ਪੰਜਾਬ ਦਾ ਸ਼ਾਂਤ ਮਾਹੌਲ ਵਿਗੜੇਗਾ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਵਿੱਚ ਸ਼ਾਂਤੀ ਲਿਆਂਦੀ ਸੀ ਤੇ ਉਨ੍ਹਾਂ ਦਾ ਹੀ ਕਤਲ ਕਰ ਦਿੱਤਾ ਗਿਆ। ਅੱਜ ਉਨ੍ਹਾਂ ਦੇ ਕਾਤਲਾਂ ਨੂੰ ਛੱਡਣ ਦੀ ਗੱਲ ਹੋ ਰਹੀ ਹੈ ਪਰ ਕੋਈ ਵੀ ਇਸ ਵਿਰੁੱਧ ਬੋਲ ਨਹੀਂ ਰਿਹਾ। ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਜਿਹੜਾ ਮੋਹਾਲੀ ਇੰਟੈਲੀਜੈਂਸ ਦਫਤਰ ’ਤੇ ਹਮਲਾ ਹੋਇਆ ਤੇ ਕਰਨਾਲ ਵਿੱਚ ਅਤਿਵਾਦੀ ਫੜੇ ਗਏ ਸਨ, ਕੀ ਬਾਅਦ ਵਿੱਚ ਇਨ੍ਹਾਂ ਨੂੰ ਵੀ ਬੰਦੀ ਸਿੰਘ ਕਹਿ ਕੇ ਛੁਡਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕਿਸੇ ਰਾਜਨੀਤਕ ਪਾਰਟੀ ਨਾਲ ਸਬੰਧ ਨਹੀਂ ਰੱਖਦੇ ਪਰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਹਮੇਸ਼ਾਂ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ।