ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਨਵੰਬਰ
ਅਨਾਥ ਬੱਚੀਆਂ ਦਾ ਪਾਲਣ ਪੋਸ਼ਣ ਕਰਨ ਵਾਲੀ ਬੀਬੀ ਪ੍ਰਕਾਸ਼ ਕੌਰ ਨੂੰ ਅੱਜ ਪਦਮਸ੍ਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਬੀਬੀ ਪ੍ਰਕਾਸ਼ ਕੌਰ ਨੇ ਇਹ ਸਨਮਾਨ ਅਨਾਥ ਬੱਚੀਆਂ ਨੂੰ ਸਮਰਪਿਤ ਕੀਤਾ ਹੈ। ਆਸ਼ਰਮ ਦਾ ਸਾਰਾ ਸਟਾਫ਼ ਵੀ ਬੇਹੱਦ ਖੁਸ਼ ਦੱਸਿਆ ਜਾ ਰਿਹਾ ਹੈ।
ਜਲੰਧਰ ਵਿੱਚ ਬੀਬੀ ਪ੍ਰਕਾਸ਼ ਕੌਰ ‘ਯੂਨੀਕ ਹੋਮ’ ਨਾਂ ਦਾ ਅਨਾਥ ਆਸ਼ਰਮ ਚਲਾਉਂਦੀ ਹੈ। ਇਸ ਯੂਨੀਕ ਹੋਮ ਵਿੱਚ ਇਸ ਸਮੇਂ 70 ਬੱਚੀਆਂ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਉਹ ਕਰ ਰਹੀ ਹੈ। ਇਹ ਉਹ ਬੱਚੀਆਂ ਹਨ ਜਿਨ੍ਹਾਂ ਨੂੰ ਲੋਕ ਜਾਂ ਤਾਂ ਕਿਧਰੇ ਸੁੱਟ ਜਾਂਦੇ ਹਨ ਜਾਂ ਫਿਰ ਰਾਤ ਨੂੰ ਉਨ੍ਹਾਂ ਦੇ ਆਸ਼ਰਮ ਦੇ ਬਾਹਰ ਲੱਗੇ ਪੰਘੂੜੇ ਵਿੱਚ ਰੱਖ ਜਾਂਦੇ ਹਨ। ਬੀਬੀ ਪ੍ਰਕਾਸ਼ ਕੌਰ ਖ਼ੁਦ ਨੂੰ ਦੁਨੀਆ ਦੀ ‘ਯੂਨੀਕ ਮਾਂ’ ਸਮਝਦੀ ਹੈ ਜਿਹੜੀ ਇੱਕੋ ਸਮੇਂ 70 ਬੱਚੀਆਂ ਦੀ ਮਾਂ ਬਣ ਕੇ ਉਨ੍ਹਾਂ ਨੂੰ ਲਾਡ ਲਡਾਉਂਦੀ ਹੈ।
ਇਹ ਯੂਨੀਕ ਹੋਮ ਪਹਿਲਾਂ ਮਾਡਲ ਹਾਊਸ ਦੇ ਤੰਗ ਜਿਹੇ ਇਲਾਕੇ ਵਿੱਚ ਸੀ ਤੇ ਹੁਣ ਇਸ ਦੀ ਆਲੀਸ਼ਾਨ ਇਮਾਰਤ ਨਕੋਦਰ ਰੋਡ ’ਤੇ ਸ਼ਹਿਰ ਤੋਂ ਬਾਹਰ ਬਣਾ ਦਿੱਤੀ ਗਈ ਹੈ। ਇੱਥੇ ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਉਚੇਚੇ ਤੌਰ ’ਤੇ ਆਏ ਸਨ। ਇਸ ਤੋਂ ਪਹਿਲਾਂ ਰਿਲਾਇੰਸ ਗਰੁੱਪ ਦੀ ਨੀਤਾ ਅੰਬਾਨੀ ਬੀਬੀ ਪ੍ਰਕਾਸ਼ ਕੌਰ ਨੂੰ ‘ਅਸਲੀ ਹੀਰੋ’ ਐਵਾਰਡ ਨਾਲ ਸਨਮਾਨਿਤ ਕਰ ਚੁੱਕੀ ਹੈ। ਨੀਤਾ ਅੰਬਾਨੀ ਵੀ ‘ਯੂਨੀਕ ਹੋਮ’ ਦੇਖਣ ਲਈ ਜਲੰਧਰ ਆਈ ਸੀ।