ਜਸਬੀਰ ਸਿੰਘ ਚਾਨਾ
ਫਗਵਾੜਾ, 7 ਅਕਤੂਬਰ
ਇੱਥੋਂ ਦੇ ਪਿੰਡ ਭੁੱਲਾਰਾਈ ਵਿੱਚ ਇੱਕ ਵਿਅਕਤੀ ਦੇ ਹੋਏ ਕਤਲ ਦੇ ਮਾਮਲੇ ਦੀ ਗੁੱਥਲੀ ਫਗਵਾੜਾ ਪੁਲੀਸ ਨੇ ਸੁਝਾਉਂਦਿਆ ਮ੍ਰਿਤਕ ਦੇ ਪੁੱਤਰ ਤੇ ਦੋ ਹੋਰ ਸਾਥੀਆਂ ਦੀ ਸ਼ਨਾਖ਼ਤ ਕਰਕੇ ਪੁੱਤਰ ਤੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਇੱਕ ਵਿਅਕਤੀ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਤੇ ਐੱਸਪੀ ਸਰਬਜੀਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਕਿ 24 ਸਤੰਬਰ ਦੀ ਰਾਤ ਨੂੰ ਪਿੰਡ ਭੁੱਲਾਰਾਈ ਵਿਖੇ ਬਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਭੁੱਲਾਰਾਈ ਦਾ ਕਤਲ ਹੋ ਗਿਆ ਸੀ ਜਿਸ ਦੀ ਪੁਲੀਸ ਵੱਲੋਂ ਕੀਤੀ ਜਾਂਚ ਉਪਰੰਤ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਧਾਰਾ 302 ਅਤੇ 34 ਆਈਪੀਸੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਬਲਜੀਤ ਸਿੰਘ ਨੇ ਆਪਣੇ ਪੁੱਤਰ ਸੁਖਰਾਜ ਸਿੰਘ, ਉਸ ਦੀ ਮਾਂ ਤੇ ਉਸ ਦੀ ਛੋਟੀ ਭੈਣ ਨੂੰ ਕਰੀਬ 4-5 ਸਾਲ ਪਹਿਲਾ ਘਰੋਂ ਬਾਹਰ ਕੱਢ ਦਿੱਤਾ ਸੀ। ਮ੍ਰਿਤਕ ਬਲਜੀਤ ਸਿੰਘ ਜੋ ਕਿ ਕੰਮ ਨਹੀਂ ਕਰਦਾ ਸੀ ਤੇ ਸ਼ਰਾਬ ਦਾ ਆਦੀ ਸੀ। ਸੁਖਰਾਜ ਸਿੰਘ ਪਿਛਲੇ ਕੁੱਝ ਮਹੀਨਿਆਂ ਤੋਂ ਆਪਣੇ ਪਿਤਾ ਦੇ ਸੰਪਰਕ ’ਚ ਸੀ ਤੇ ਆਪਣੇ ਪਿਤਾ ਤੋਂ ਵਿਦੇਸ਼ ਜਾਣ ਲਈ ਪੈਸੇ ਮੰਗਦਾ ਸੀ। ਸੁਖਰਾਜ ਸਿੰਘ ਨੇ ਆਪਣੇ ਪਿਤਾ ਪਾਸੋਂ ਮੰਗ ਕੀਤੀ ਕਿ ਉਹ ਆਪਣੀ ਦੋ ਕਨਾਲ ਮਹਿੰਗੀ ਜ਼ਮੀਨ ਵੇਚ ਕੇ ਅਦਾ ਕਰੇ ਤਾਂ ਜੋ ਉਹ ਵਿਦੇਸ਼ ਜਾ ਸਕੇ ਪਰ ਮ੍ਰਿਤਕ ਬਲਜੀਤ ਸਿੰਘ ਨੇ ਨਾ ਤਾਂ ਆਪਣੀ ਜ਼ਮੀਨ ਵੇਚੀ ਤੇ ਨਾ ਹੀ ਸੁਖਰਾਜ ਸਿੰਘ ਨੂੰ ਪੈਸੇ ਦਿੱਤੇ। ਜਿਸ ਤੋਂ ਗੁੱਸੇ ’ਚ ਆਏ ਸੁਖਰਾਜ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਯੋਜਨਾ ਬਣਾ ਲਈ ਤੇ ਘਰ ’ਚ ਸੁੱਤੇ ਪਏ ਆਪਣੇ ਪਿਤਾ ਬਲਜੀਤ ਸਿੰਘ ਦੀ ਹੱਤਿਆ ਕਰ ਦਿੱਤੀ। ਸੀ.ਆਈ.ਏ ਸਟਾਫ਼ ਇੰਚਾਰਜ ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਘਟਨਾ ਨੂੰ ਅੰਜਾਮ ਦੇਣ ਲਈ ਵਰਤਿਆ ਬੇਸਬਾਲ ਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਲੜਕੇ ਸੁਖਰਾਜ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਭੁੱਲਾਰਾਈ ਤੇ ਇਸ ਦੇ ਦੋਸਤ ਪ੍ਰਸ਼ਾਂਤ ਰਾਏ ਪੁੱਤਰ ਨਰਿੰਦਰ ਰਾਏ ਵਾਸੀ ਗੁਰੂ ਹਰਕ੍ਰਿਸ਼ਨ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਲਵਿੰਦਰ ਸਿੰਘ ਉਰਫ਼ ਸੰਨੀ ਵਾਸੀ ਗਲੀ ਨੰਬਰ 1 ਖੋਥੜਾ ਰੋਡ ਉਕਾਰ ਨਗਰ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।