ਦਸੂਹਾ (ਪੱਤਰ ਪ੍ਰੇਰਕ): ਇਥੇ 10 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ‘ਸੱਟਾ ਬਾਜ਼ਾਰ’ ਦੀਆਂ ਕਿਆਸਰਾਈਆਂ ਭਖ ਰਹੀਆਂ ਹਨ। ਇਸ ਦੇ ਨਾਲ ਹੀ ਬਹੁਕੌਣੇ ਮੁਕਾਬਲੇ ਵਿੱਚ ਉਮੀਦਵਾਰਾਂ ਵਿਚਕਾਰ ਸਖਤ ਟੱਕਰ ਕਾਰਨ ਬਣੀ ਗੁੰਜਲਦਾਰ ਸਥਿਤੀ ਕਾਰਨ ਉਮੀਦਵਾਰਾਂ ਦੀ ਜਿੱਤ ਹਾਰ ਦੇ ਸਮੀਕਰਨਾਂ ’ਤੇ ਲੋਕਾਂ ਵੱਲੋਂ ਖੁੰਢ ਚਰਚਾ ਜ਼ੋਰਾਂ ’ਤੇ ਹੈ। ਉਂਝ ਚਾਰ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ, ‘ਆਮ ਆਦਮੀ ਪਾਰਟੀ, ਬਸਪਾ ਤੇ ਭਾਜਪਾ ਵਿਚਾਲੇ ਟੱਕਰ ਹੈ ਤੇ ਕਿਸੇ ਵੀ ਉਮੀਦਵਾਰ ਦੀ ਸਪਸ਼ਟ ਜਿੱਤ ਯਕੀਨੀ ਨਜ਼ਰ ਨਹੀਂ ਆ ਰਹੀ। ਸੂਤਰਾਂ ਮੁਤਾਬਕ ਸੱਟੇਬਾਜ਼ਾਂ ਵੱਲੋਂ ਕਾਂਗਰਸ, ਅਕਾਲੀ ਬਸਪਾ ਗੱਠਜੋੜ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ’ਚ ਹੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਰਾਜਨੀਤੀ ’ਚ ਦਿਲਚਸਪੀ ਰੱਖਣ ਵਾਲੇ ਲੋਕ ਜਾਂ ਫਿਰ ਕਿਸੇ ਰਾਜਨੀਤਕ ਪਾਰਟੀ ਨਾਲ ਜੁੜੇ ਸਮਰਥਕਾਂ ਵਿੱਚ ਆਪੋ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਜਿੱਤ-ਹਾਰ ਤੋਂ ਇਲਾਵਾ ਸੂਬੇ ’ਚ ਕਿਹੜੀ ਸਰਕਾਰ ਬਣੇਗੀ, ਬਾਰੇ ਵੀ ਸ਼ਰਤਾਂ ਲੱਗ ਰਹੀਆਂ ਹਨ।