ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਜੁਲਾਈ
ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 21ਵੀਂ ਵਰ੍ਹੇਗੰਢ ਦੀ ਆਰੰਭਤਾ ਮੌਕੇ ਬਾਗਬਾਨੀ ਵਿਭਾਗ ਸੁਲਤਾਨਪੁਰ ਲੋਧੀ ਦੇ ਵਿਕਾਸ ਅਫਸਰ ਕੁਲਵੰਤ ਸਿੰਘ ਨੇ 550 ਫਲ ਬੀਜ ਬਾਲਜ਼ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਮੁਹੱਈਆ ਕਰਵਾਈਆਂ ਗਈਆਂ। ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਜਿੱਥੇ ਵੇਈਂ ਦੀ ਕਾਰ ਸੇਵਾ ਦੀ 21ਵੀਂ ਵਰ੍ਹੇਗੰਢ ਦੇ ਸਮਗਾਮ ਆਰੰਭ ਹੋ ਗਏ ਉੱਥੇ ਅੰਤਰਰਾਸ਼ਟਰੀ ਫਲ ਸਬਜ਼ੀ ਸਾਲ ਮਨਾਉਂਦਿਆ ਬਾਬੇ ਨਾਨਕ ਦੀ ਨਗਰੀ ਵਿੱਚ ਸਾਉਣ ਮਹੀਨੇ ਪੰਜਾਬ ਦੀਆਂ ਅਣਛੂਹੀਆਂ ਥਾਵਾਂ ਨੂੰ ਹਰਿਆ ਭਰਿਆ ਬਣਾਉਣ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ। ਬਾਗਬਾਨੀ ਵਿਕਾਸ ਅਫਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਢਾਈ ਲੱਖ ਵੱਖ-ਵੱਖ ਤਰ੍ਹਾਂ ਦੇ ਫਲ ਬੀਜ ਬਾਲਜ਼ ਤਿਆਰ ਕੀਤੇ ਗਏ ਹਨ। ਡਿਪਟੀ ਡਾਇਰੈਕਟਰ ਬਾਗਬਾਨੀ ਕਪੂਰਥਲਾ ਹਰਭਜਨ ਸਿੰਘ ਭੁੱਲਰ ਦੇ ਯਤਨਾਂ ਸਦਕਾ 9000 ਫਲ ਬੀਜ ਬਾਲਜ਼ ਜ਼ਿਲ੍ਹਾ ਕਪੂਰਥਲਾ ਵਿੱਚ ਵੀ ਤਿਆਰ ਕੀਤੇ ਗਏ ਹਨ। ਜਿਨ੍ਹਾਂ ਵਿਚੋਂ 2000 ਫਲ ਸੀਡ ਬਾਲਜ਼ ਸੁਲਤਾਨਪੁਰ ਲੋਧੀ ਬਲਾਕ ਨੂੰ ਮੁਹੱਈਆ ਹੋਏ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਜਲਗਾਹ ਹਰੀਕੇ ਪੱਤਣ ਦੀਆਂ ਅਣਛੂਹੀਆਂ ਥਾਵਾਂ ਨੂੰ ਹਰਿਆਲੀ ਭਰਪੂਰ ਕਰਨ ਲਈ ਸੰਤ ਸੀਚੇਵਾਲ ਦੇ ਸਹਿਯੋਗ ਨਾਲ 550 ਫਲ ਸੀਡ ਬਾਲਜ਼ ਬੀਜੀਆਂ ਜਾਣਗੀਆਂ। ਇਸੇ ਦੌਰਾਨ ਫਲਦਾਰ ਪੌਦੇ ਬੀਜਣ ਸਬੰਧੀ ਲਿਟਰੇਚਰ ਵੀ ਵੰਡਿਆ ਗਿਆ।