ਪਾਲ ਸਿੰਘ ਨੌਲੀ
ਜਲੰਧਰ, 30 ਮਾਰਚ
ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵੱਲੋਂ ਬੇਸਮੈਂਟ ਦੀ ਹੱਦੋਂ ਵੱਧ ਡੂੰਘੀ ਖੁਦਾਈ ਨਾਲ ਗੁਆਂਢੀਆਂ ਦੇ ਘਰਾਂ ਵਿੱਚ ਆਈਆਂ ਤਰੇੜਾਂ ਕਾਰਨ ਨਗਰ ਨਿਗਮ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਪੀੜਤ ਧਿਰਾਂ ਨੇ ਦੋਸ਼ ਲਾਇਆ ਕਿ ਨਗਰ ਨਿਗਮ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ ਤੇ ਨਕਸ਼ਾ ਪਾਸ ਕਰਨ ਵਾਲੀ ਬਰਾਂਚ ਦੇ ਅਧਿਕਾਰੀਆਂ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਕਾਰਨ ਉਨ੍ਹਾਂ ਦੇ ਘਰਾਂ ਵਿੱਚ ਤਰੇੜਾਂ ਆਈਆਂ ਹਨ ਜਦ ਕਿ ਨਜ਼ਾਇਜ ਤੌਰ ’ਤੇ ਬਿਨ੍ਹਾਂ ਨਕਸ਼ਾ ਪਾਸ ਹਸਪਤਾਲ ਵੱਲੋਂ ਇੰਨੀ ਡੂੰਘੀ ਖੁਦਾਈ ਕਿਵੇਂ ਕਰ ਲਈ ਗਈ। ਉਧਰ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਨੇ ਮੰਗ ਕੀਤੀ ਕਿ ਨਗਰ ਨਿਗਮ ਦੇ ਕਮਿਸ਼ਨਰ ਸਮੇਤ ਉਨ੍ਹਾਂ ਸਾਰੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਨਕਸ਼ਾ ਪਾਸ ਕੀਤੇ ਬਿਨਾਂ ਹੀ ਹਸਪਤਾਲ ਨੂੰ ਖੁਦਾਈ ਕਰਨ ਦੀ ਆਗਿਆ ਦਿੱਤੀ ਸੀ। ਨਗਰ ਨਿਗਮ ਦੇ ਕਮਿਸ਼ਨਰ ਕਰਨੇਸ਼ ਸ਼ਰਮਾ, ਐੱਮਟੀਪੀ ਮਿਹਰਬਾਨ ਸਿੰਘ, ਏਟੀਪੀ ਵਿਨੋਦ ਕੁਮਾਰ ਤੇ ਇੰਸਪੈਕਟਰ ਦਿਨੇਸ਼ ਜੋਸ਼ੀ ’ਤੇ ਆਧਾਰਤ ਵਿਸ਼ੇਸ਼ ਟੀਮ ਨੇ ਜੋਸ਼ੀ ਹਸਪਤਾਲ ਦੀ ਉਸਾਰੀ ਜਾ ਰਹੀ ਇਮਾਰਤ ਦਾ ਮੁੁਆਇਨਾ ਕੀਤਾ ਤੇ ਜਾਂਚ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਇਸ ਦਾ ਕੋਈ ਨਕਸ਼ਾ ਪਾਸ ਨਹੀਂ ਹੈ ਤੇ ਸਾਰੀ ਉਸਾਰੀ ਨਾਜਾਇਜ਼ ਤੌਰ ’ਤੇ ਹੀ ਕੀਤੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਨੇ ਲਗਪਗ ਸਾਢੇ 4 ਕਨਾਲ ਤੋਂ ਵੱਧ ਜ਼ਮੀਨ, ਬੇਸਮੈਂਟ ਤੇ ਇਮਾਰਤ ਉਸਾਰੀ ਦਾ ਨਕਸ਼ਾ ਪਾਸ ਕਰਵਾਇਆ ਹੋਇਆ ਸੀ ਜਦਕਿ ਉਥੇ ਕੰਮ ਸ਼ੁਰੂ ਨਹੀਂ ਕੀਤਾ ਗਿਆ ਉਲਟਾ ਜਿਸ 12 ਮਰਲਾ ਜ਼ਮੀਨ ਦਾ ਨਕਸ਼ਾ ਪਾਸ ਨਹੀਂ ਸੀ ਉਥੇ ਨਾਜਾਇਜ਼ ਉਸਾਰੀ ਸ਼ੁਰੂ ਕਰਵਾ ਦਿੱਤੀ। ਮਾਮਲਾ ਭਖਣ ਤੋਂ ਬਾਅਦ ਕਮਿਸ਼ਨਰ ਨੇ ਨਾਜਾਇਜ਼ ਉਸਾਰੀ ਬੰਦ ਕਰਵਾ ਦਿੱਤੀ ਹੈ ਨਾਲ ਹੀ ਸਾਢੇ 4 ਕਨਾਲ ਜ਼ਮੀਨ ਦੇ ਪਾਸ ਨਕਸੇ ਨੂੰ ਵੀ ਰੱਦ ਕਰਨ ਦਾ ਹੁਕਮ ਦੇ ਦਿੱਤਾ।
ਖੁਦਾਈ ਦਾ ਜਾਇਜ਼ਾ ਲੈਣ ਪੁੱਜੀ ਨਗਰ ਨਿਗਮ ਦੀ ਟੀਮ
ਨਗਰ ਨਿਗਮ ਵੱਲੋਂ ਅੱਜ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਦੀ ਅਗਵਾਈ ਹੇਠ ਬਣੀ ਟੀਮ ਨੇ ਮੌਕੇ ’ਤੇ ਜਾ ਕੇ ਦੌਰਾ ਕੀਤਾ। ਇਸ ਟੀਮ ਵਿੱਚ ਨਿਗਰਾਨ ਇੰਜਨੀਅਰ, ਐਕਸੀਅਨ, ਐਸਟੀਪੀ ਤੇ ਇੰਸਪੈਕਟਰ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਹਨ।