ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਅਪਰੈਲ
ਜੋਸ਼ੀ ਹਸਪਤਾਲ ਦੇ ਨਾਲ ਲਗਦੇ ਪਲਾਟ ਵਿਚ ਡੂੰਘੀ ਬੇਸਮੈਂਟ ਪੁੱਟਣ ਦੇ ਮਾਮਲੇ ਵਿਚ ਵਰਤੀ ਗਈ ਲਾਪ੍ਰਵਾਹੀ ਦੇ ਚੱਲਦਿਆਂ ਹਸਪਤਾਲ ਦੇ ਮਾਲਕ ਸਮੇਤ ਤਿੰਨ ਜਣਿਆਂ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ। 26 ਸਫਿਆਂ ਦੀ ਇਸ ਐੱਫਆਈਆਰ ਵਿਚ ਸਾਰੀ ਘਟਨਾ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਥਾਣਾ ਡਿਵੀਜ਼ਨ ਵਿਚ ਦੋ ਵਿਚ ਇਹ ਮਾਮਲਾ ਸਿਮਰਨਜੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਜਿਸ ਵਿਚ ਜੋਸ਼ੀ ਹਸਪਤਾਲ ਦੇ ਮਾਲਕ ਮੁਕੇਸ਼ ਜੋਸ਼ੀ, ਉਨ੍ਹਾਂ ਦੀ ਪਤਨੀ ਨੀਲਮ ਜੋਸ਼ੀ ਤੇ ਪੁੱਤਰ ਅਨੁਜ ਜੋਸ਼ੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜੋਸ਼ੀ ਹਸਪਤਾਲ ਦੇ ਨਾਲ ਲਗਦੇ ਪਲਾਟ ਵਿਚ ਬੇਸਮੈਂਟ ਪੁੱਟੀ ਜਾ ਰਹੀ ਸੀ। ਜਿਸ ਕਾਰਨ ਨਾਲ ਲਗਦੇ ਘਰਾਂ ਵਿਚ ਤਰੇੜਾਂ ਆ ਗਈਆਂ ਸਨ। ਇਕ ਘਰ ਵਿਚ ਤਾਂ ਏਨੀਆਂ ਵੱਡੀਆਂ ਤਰੇੜਾਂ ਆ ਗਈਆਂ ਸਨ ਕਿ ਉਥੇ ਰਹਿਣਾ ਮੁਸ਼ਕਿਲ ਹੋ ਗਿਆ ਸੀ। ਇਹ ਘਰ ਵੀ ਇਕ ਡਾਕਟਰ ਦਾ ਸੀ, ਜੋ ਉਸ ਨੇ ਨਵਾਂ ਹੀ ਬਣਾਇਆ ਸੀ। ਇਹ ਮਾਮਲਾ ਉਦੋਂ ਚਰਚਾ ਵਿਚ ਆ ਗਿਆ ਸੀ ਜਦੋਂ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਘਟਨਾ ਵਾਲੀ ਰਾਤ ਨੂੰ ਹੀ ਮੌਕੇ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਸੀ। ਉਸ ਤੋਂ ਬਾਅਦ ਮਾਮਲਾ ਤੂਲ ਫੜ ਗਿਆ। ਨਗਰ ਨਿਗਮ ਦੇ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਦੌਰਾ ਵੀ ਕੀਤਾ ਸੀ ਤੇ ਮਾਮਲੇ ਦੀ ਜਾਂਚ ਰਿਪੋਰਟ ਵੀ ਤਿਆਰ ਕੀਤੀ ਸੀ।