ਦਲੇਰ ਸਿੰਘ ਚੀਮਾ
ਭੁਲੱਥ, 27 ਅਗਸਤ
ਬਿਆਸ ਦਰਿਆ ਵਲੋਂ ਪਾਣੀ ਦਾ ਵਹਾਅ ਕਪੂਰਥਲਾ ਜ਼ਿਲ੍ਹੇ ਵੱਲ ਬਦਲਣ ਕਾਰਨ ਕਿਸਾਨਾਂ ਦੀ ਬੇਸ਼ਕੀਮਤੀ ਜ਼ਮੀਨ ਨੂੰ ਢਾਅ ਲਾਉਣ ਤੇ ਸੈਂਕੜੇ ਏਕੜ ਜ਼ਮੀਨ ਦਰਿਆ ਬੁਰਦ ਹੋ ਜਾਣ ਤੋਂ ਬਾਅਦ ਪੰਜਾਬੀ ਟ੍ਰਿਬਿਊਨ ਵਿੱਚ ਛਪੀਆਂ ਖ਼ਬਰਾਂ ਕਾਰਨ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉਪਲ ਤੇ ਡਰੇਨੇਜ਼ ਵਿਭਾਗ ਦੇ ਯਤਨਾਂ ਸਦਕਾ ਇਕ ਕਰੋੜ ਰੁਪਏ ਦੀ ਲਾਗਤ ਨਾਲ ਪੱਥਰਾਂ ਨਾਲ ਰੋਕਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਇਹ ਤਿੰਨ-ਚਾਰ ਹਫ਼ਤਿਆਂ ਵਿਚ ਹੀ ਪਾਣੀ ਦੇ ਦਬਾਅ ਕਾਰਨ ਰੁੜਨੀਆਂ ਸ਼ੁਰੂ ਹੋ ਗਈਆਂ ਹਨ। ਇਸ ਕਾਰਨ ਪ੍ਰਭਾਵਿਤ ਇਲਾਕੇ ਦੇ ਕਿਸਾਨ ਪ੍ਰੇਸ਼ਾਨ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਬਜੀਤ ਸਿੰਘ ਬੱਲ ਨੇ ਦੱਸਿਆ ਕਿ ਡਰੇਨੇਜ਼ ਵਿਭਾਗ ਵੱਲੋਂ ਇਕ ਕਰੋੜ ਰੁਪਏ ਦੀ ਲਾਗਤ ਨਾਲ ਪੱਥਰਾਂ ਦੀਆਂ ਛੇ ਨਵੀਂਆਂ ਰੋਕਾਂ ਤੇ ਦੋ ਰੋਕਾਂ ਦੀ ਮੁਰੰਮਤ ਕੀਤੀ ਗਈ ਅਤੇ ਨਾਲ ਹੀ ਮਿੱਟੀ ਦੇ ਬੋਰੇ ਭਰ ਕੇ ਲਗਾਏ ਗਏ ਸੀ ਪਰ ਦਰਿਆ ਦੇ ਪਾਣੀ ਦਾ ਵਹਾਅ ਵਧਣ ਨਾਲ ਮੁਰੰਮਤ ਕੀਤੀਆਂ ਰੋਕਾਂ ਰੁੜ ਗਈਆਂ ਹਨ ਤੇ ਕੁਝ ਹਿੱਸਾ ਬੈਠ ਗਿਆ ਹੈ, ਜਿਸ ਕਾਰਨ ਹਾਲਾਤ ਪਹਿਲਾਂ ਵਾਲੇ ਬਣ ਗਏ ਹਨ, ਜਿਸ ਨਾਲ ਜ਼ਮੀਨ ਦਰਿਆ ਬੁਰਦ ਹੋਣ ਦੇ ਨਾਲ-ਨਾਲ ਆਬਾਦੀ ਨੂੰ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਮੇਂ ਸਿਰ ਇਸ ਕੰਮ ਵੱਲ ਧਿਆਨ ਦੇਣ ਤੇ ਕਈ ਸਿਆਸੀ ਲੋਕਾਂ ਵਲੋਂ ਦਰਿਆ ’ਤੇ ਮੌਕਾ ਵੇਖਣ ਉਪਰੰਤ ਪ੍ਰਸ਼ਾਸਨ ਨੂੰ ਇਸ ਸਮੱਸਿਆ ਦੇ ਹੱਲ ਲਈ ਕਿਹਾ ਗਿਆ ਹੈ। ਇਸ ਸਬੰਧੀ ਐਕਸੀਅਨ ਡਰੇਨੇਜ਼ ਅਜੀਤ ਸਿੰਘ ਨਾਲ ਫੋਨ ’ਤੇ ਸੰਪਰਕ ਕਰਨ ਦੀ ਵਾਰ ਵਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।