ਜਸਬੀਰ ਚਾਨਾ
ਫਗਵਾੜਾ, 8 ਸਤੰਬਰ
ਇੱਥੋਂ ਦੇ ਹਰਗੋਬਿੰਦ ਨਗਰ ਇਲਾਕੇ ’ਚ ਅੱਜ ਜਦੋਂ ਈਸਾਈ ਧਰਮ ਦੇ ਲੋਕ ਵੱਖ ਵੱਖ ਘਰਾਂ ’ਚ ਪੋਸਟਰ ਸੁੱਟ ਕੇ ਅਤੇ ਉਨ੍ਹਾਂ ਨੂੰ ਮਿਲ ਕੇ ਆਪਣੇ ਧਰਮ ’ਚ ਸ਼ਾਮਿਲ ਹੋਣ ਦੀ ਅਪੀਲ ਕਰ ਰਹੇ ਸਨ ਤਾਂ ਇਸ ਦਾ ਬਜਰੰਗ ਦਲ ਦੇ ਮੈਂਬਰਾਂ ਨੇ ਵਿਰੋਧ ਕੀਤਾ। ਉਨ੍ਹਾਂ ਪੁਲੀਸ ਨੂੰ ਮੌਕੇ ’ਤੇ ਬੁਲਾ ਲਿਆ ਅਤੇ ਪੁਲੀਸ ਨੇ ਉਨ੍ਹਾਂ ਨੂੰ ਸਮਝਾ ਕੇ ਵਾਪਸ ਘਰਾਂ ਨੂੰ ਭੇਜ ਦਿੱਤਾ।
ਬਜਰੰਗ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਗੁਪਤਾ ਨੇ ਦੱਸਿਆ ਕਿ ਦੋ ਟੈਂਪੂ ਟਰੈਵਲਾਂ ਤੇ ਇੱਕ ਬੱਸ ’ਚ ਸਵਾਰ ਹੋ ਕੇ ਇਹ ਲੋਕ ਲੋਕਾਂ ਨੂੰ ਈਸਾਈ ਧਰਮ ’ਚ ਸ਼ਾਮਿਲ ਹੋਣ ਲਈ ਕਹਿ ਰਹੇ ਸਨ। ਇਨ੍ਹਾਂ ਦਾ ਕਹਿਣਾ ਸੀ,‘ਜੇਕਰ ਤੁਹਾਡੇ ਘਰ ’ਚ ਕੋਈ ਬਿਮਾਰ ਹੈ, ਦੁਖੀ ਹੈ ਤਾਂ ਉਹ ਜਲਦੀ ਹੀ ਉਨ੍ਹਾਂ ਦੇ ਹੋ ਰਹੇ ਸਮਾਗਮ ’ਚ ਹਿੱਸਾ ਲੈਣ।’ ਇਸ ’ਤੇ ਬਜਰੰਗ ਦਲ ਦੇ ਕਈ ਆਗੂ ਇਕੱਠੇ ਹੋ ਗਏ ਤੇ ਇਨ੍ਹਾਂ ਦਾ ਵਿਰੋਧ ਕੀਤਾ। ਮੌਕੇ ’ਤੇ ਸਿਟੀ ਪੁਲੀਸ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਮਾਮਲੇ ਨੂੰ ਸ਼ਾਂਤ ਕਰਵਾਇਆ। ਇਸ ਮਗਰੋਂ ਬਜਰੰਗ ਦਲ ਵੱਲੋਂ ਪੰਜਾਬ ਦੇ ਰਾਜਪਾਲ ਦੇ ਨਾਂ ’ਤੇ ਐੱਸ.ਡੀ.ਐੱਮ ਫਗਵਾੜਾ ਨੂੰ ਮੰਗ ਪੱਤਰ ਦਿੱਤਾ ਜਿਸ ’ਚ ਅਜਿਹੀ ਕਾਰਵਾਈ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰੀਕ੍ਰਿਸ਼ਨ ਦੁੱਗਲ, ਸ਼ਹਿਰੀ ਪ੍ਰਧਾਨ ਰਜਿੰਦਰ ਵਾਲੀਆ, ਹਰਸ਼ ਭੱਲਾ, ਵਿਜੈ ਵਰਮਾ, ਯੋਗੇਸ਼ ਪ੍ਰਭਾਕਰ ਅਤੇ ਨਰੇਸ਼ ਆਦਿ ਸ਼ਾਮਿਲ ਸਨ।
ਲੜਕੀ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ਼
ਪਠਾਨਕੋਟ (ਪੱਤਰ ਪ੍ਰੇਰਕ): ਦਸਵੀਂ ਕਲਾਸ ਵਿੱਚ ਪੜ੍ਹਦੀ ਸਿੱਖ ਧਰਮ ਨਾਲ ਸਬੰਧਿਤ ਲੜਕੀ ਦਾ ਇੱਕ ਔਰਤ ਵੱਲੋਂ ਜਬਰੀ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ਼ ਦਾ ਮਾਮਲਾ ਗਰਮਾ ਗਿਆ। ਸ਼੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਤੇ ਬੱਚੀ ਦੀ ਮਾਂ ਦੇ ਹਰਕਤ ਵਿੱਚ ਆ ਜਾਣ ’ਤੇ ਸ਼ਾਹਪੁਰਕੰਡੀ ਦੀ ਪੁਲੀਸ ਨੇ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਖਿਲਾਫ ਆਈਪੀਸੀ ਦੀ ਧਾਰਾ 295-ਏ ਤਹਿਤ ਮਾਮਲਾ ਦਰਜ ਕਰ ਦਿੱਤਾ। ਇਹ ਘਟਨਾ ਜੈਨੀ ਪਿੰਡ ਵਿੱਚ ਵਾਪਰੀ ਜਿਥੇ ਅਮਰਜੀਤ ਨਾਂ ਦੀ ਲੜਕੀ ਆਪਣੇ ਨਾਨਕੇ ਘਰ ਆਈ ਹੋਈ ਸੀ ਤੇ ਉੱਥੋਂ ਦੀ ਇੱਕ ਰਾਣੀ ਨਾਂ ਦੀ ਔਰਤ ਉਸ ਨੂੰ ਝਾਂਸੇ ਵਿੱਚ ਲੈ ਕੇ ਧਰਮ ਪਰਿਵਰਤਨ ਕਰਵਾਉਣ ਲਈ ਵਰਗਲਾਉਣ ਲੱਗੀ। ਲੜਕੀ ਦੇ ਪਾਇਆ ਹੋਇਆ ਸ੍ਰੀ ਸਾਹਿਬ ਵੀ ਉਤਰਵਾ ਦਿੱਤਾ ਗਿਆ ਤੇ ਉਹ ਉਸ ਨੂੰ ਗਿਰਜਾਘਰ ਵਿੱਚ ਲੈ ਗਈ। ਉਹ ਉਸ ਨੂੰ ਕਿਸੇ ਮੰਦਰ ਜਾਂ ਗੁਰਦੁਆਰੇ ਵਿੱਚ ਨਾ ਜਾਣ ਲਈ ਪ੍ਰੇਰਿਤ ਕਰਨ ਲੱਗੀ। ਸ੍ਰੀ ਸਾਹਿਬ ਉਤਾਰ ਦਿੱਤੇ ਜਾਣ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ। ਡੀਐੱਸਪੀ ਰਾਜਿੰਦਰ ਮਨਹਾਸ ਨੇ ਦੱਸਿਆ ਕਿ ਲੜਕੀ ਦੀ ਮਾਂ ਪਰਮਜੀਤ ਕੌਰ ਨੇ ਉਨ੍ਹਾਂ ਕੋਲ ਰਾਣੀ ਨਾਂ ਦੀ ਔਰਤ ਬਾਰੇ ਸ਼ਿਕਾਇਤ ਕੀਤੀ ਸੀ ਕਿ ਉਹ ਉਸ ਦੀ ਬੱਚੀ ਦਾ ਜਬਰੀ ਧਰਮ ਪਰਿਵਰਤਨ ਕਰਵਾ ਰਹੀ ਹੈ। ਇਸ ’ਤੇ ਉਨ੍ਹਾਂ ਰਾਣੀ ਨਾਂ ਦੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਤਿਕਾਰ ਕਮੇਟੀ ਦੇ ਆਗੂਆਂ ਅਤੇ ਹੋਰ ਪਿੰਡ ਵਾਸੀਆਂ ਨੂੰ ਸ਼ਾਂਤ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਹੈ।