ਪੱਤਰ ਪ੍ਰੇਰਕ
ਸ਼ਾਹਕੋਟ,15 ਜੂਨ
ਲੋਕ ਮਨਾਂ ਵਿੱਚੋਂ ਨਿੱਖੜ ਚੁੱਕੇ ਬਾਦਲ ਪਰਿਵਾਰ ਵੱਲੋਂ ਆਪਣੀ ਖੁੱਸੀ ਹੋਈ ਸਾਖ ਨੂੰ ਬਹਾਲ ਕਰਵਾਉਣ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥ ਨੂੰ ਦੋਫਾੜ ਕਰਨ ਵਾਲੇ ਖੇਡੇ ਪੱਤੇ ਅਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀ ਗਈ ਕਾਹਲੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਬਹੁਤ ਦੂਰ ਪਹੁੰਚਾ ਦਿੱਤਾ ਹੈ। ਇਹ ਪ੍ਰਗਟਾਵਾ ਅੱਜ ਇੱਥੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਮ ਆਦਮੀ ਪਾਰਟੀ ਦੇ ਖੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਚੱਠਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੇ ਇਹ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਹਿਰਦ ਹੁੰਦੇ ਤਾਂ ਇਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਪੰਥਕ ਇਕੱਠ ਕਰਕੇ ਸਾਂਝਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਨੂੰ ਤਰਜੀਹ ਦੇਣੀ ਸੀ ਪਰ ਇਹ ਸਾਰੇ ਤਾਂ ਬੰਦੀ ਸਿੰਘਾਂ ਦੀ ਰਿਹਾਈ ’ਤੇ ਆਪੋ-ਆਪਣੀ ਰਾਜਨੀਤੀ ਗਰਮਾਉਣੀ ਚਾਹੁੰਦੇ ਸਨ। ਇਨ੍ਹਾਂ ਨੇ ਅਜਿਹਾ ਕਰਕੇ ਪੰਥਕ ਸੋਚ ਦੇ ਧਾਰਨੀ ਵੋਟਰਾਂ ਨੂੰ ਦੁਵਿਧਾ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਰਦੋਸ਼ਾਂ ਨੂੰ ਜ਼ੇਲ੍ਹਾਂ ਵਿੱਚ ਬੰਦ ਕਰਨ ਵਾਲਾ ਬਾਦਲ ਪਰਿਵਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਡਰਾਮਾ ਰਚ ਕੇ ਪਾਰਟੀ ਲਈ ਆਕਸੀਜ਼ਨ ਭਾਲ ਰਿਹਾ ਹੈ। ਸੰਗਰੂਰ ਲੋਕ ਸਭਾ ਚੋਣ ਵਿੱਚ ਬਾਦਲ ਪਰਿਵਾਰ ਦੇ ਵਿਰੋਧ ਦਾ ਖਮਿਆਜ਼ਾ ਹੁਣ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਉਮੀਦਵਾਰ ਨੂੰ ਜਿਤਾ ਕੇ ਸੰਸਦ ਵਿੱਚ ਭੇਜਣ ਜੋਂ ਪੰਥ, ਪੰਜਾਬ, ਪੰਜਾਬੀਅਤ ਤੇ ਸੰਗਰੂਰ ਵਾਸੀਆਂ ਦੀ ਅਵਾਜ਼ ਨੂੰ ਜ਼ੋਰਦਾਰ ਢੰਗ ਨਾਲ ਉਠਾ ਸਕੇ।