ਮਕਬੂਲ ਅਹਿਮਦ
ਕਾਦੀਆਂ, 5 ਮਾਰਚ
ਆਮ ਆਦਮੀ ਪਾਰਟੀ ਪੰਜਾਬ ਦੀ ਜੁਆਇੰਟ ਸਕੱਤਰ ਬਬੀਤਾ ਖੋਸਲਾ ਨੇ ਕਿਹਾ ਕਿ ਉਸ ਵਿਰੁੱਧ ਕਾਂਗਰਸ ਦੀ ਸ਼ਹਿ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਬੀਤਾ ਖੋਸਲਾ ਨੇ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਜ਼ਿਲ੍ਹਾ ਚੋਣ ਅਧਿਕਾਰੀ ਮੁਹੰਮਦ ਇਸ਼ਫ਼ਾਕ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ, ਜਿਸ ਵਿੱਚ ਕਿਹਾ ਕਿ ਕਾਦੀਆਂ ਪੁਲੀਸ ਨੇ ਕਾਂਗਰਸ ਦੀ ਸ਼ਹਿ ’ਤੇ ਝੂਠਾ ਪਰਚਾ ਦਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ 20 ਫਰਵਰੀ ਨੂੰ ਉਹ ਕਾਦੀਆਂ ਦੀ ਵਾਰਡ ਨੰਬਰ 149 ਵਿੱਚ ਆਪਣੀ ਪਾਰਟੀ ਦੇ ਬੂਥ ਵਿੱਚ ਸੀ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸੀਸੀਟੀਵੀ ਅਤੇ ਉਨ੍ਹਾਂ ਦੀ ਮੋਬਾਈਲ ਲੋਕੇਸ਼ਨ ਦੀ ਜਾਂਚ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਉਹ (ਬਬੀਤਾ ਖੋਸਲਾ) ਕਿੱਥੇ ਮੌਜੂਦ ਸੀ। ਦੂਜੇ ਪਾਸੇ ਜ਼ਿਲ੍ਹਾ ਚੋਣ ਅਧਿਕਾਰੀ ਮੁਹੰਮਦ ਇਸ਼ਫ਼ਾਕ ਨੇ ਮਾਮਲੇ ਦੀ ਜਾਂਚ ਐੱਸਐੱਸਪੀ ਬਟਾਲਾ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਹਦਾਇਤ ਦਿੱਤੀ ਹੈ ਕਿ 10 ਮਾਰਚ ਤੱਕ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਭੇਜੀ ਜਾਵੇ।
ਮਾਮਲੇ ਸਬੰਧੀ ਐੱਸਐੱਸਪੀ ਗੌਰਵ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਪੂਰੀ ਡੂੰਘਾਈ ਨਾਲ ਕੀਤੀ ਜਾਵੇਗੀ ਅਤੇ ਜੋ ਵੀ ਕਸੂਰਵਾਰ ਹੋਵੇਗਾ ਉਸ ਦੇ ਵਿਰੁੱਧ ਕਾਰਵਾਈ ਹੋਵੇਗੀ।
ਬਬੀਤਾ ਖੋਸਲਾ ਨਾਲ ਖੜ੍ਹੀ ਹੈ ‘ਆਪ’: ਸੇਖਵਾਂ
ਆਮ ਆਦਮੀ ਪਾਰਟੀ ਵੱਲੋਂ ਹਲਕਾ ਕਾਦੀਆਂ ਤੋਂ ਉਮੀਦਵਾਰ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਬਬੀਤਾ ਖੋਸਲਾ ਨਾਲ ਪਾਰਟੀ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ’ਤੇ ਸਿਆਸਤ ਤੋਂ ਪ੍ਰੇਰਿਤ ਝੂਠਾ ਕੇਸ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਬੀਤਾ ਖੋਸਲਾ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ‘ਆਪ’ ਵਿੱਚ ਸ਼ਮੂਲੀਅਤ ਕੀਤੀ ਸੀ, ਜਿਸ ਦੇ ਸਿੱਟੇ ਵੱਜੋਂ ਕਾਂਗਰਸ ਨੇ ਬਦਲੇ ਦੀ ਭਾਵਨਾ ਨਾਲ ਉਨ੍ਹਾਂ ’ਤੇ ਪਰਚਾ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ (ਬਬੀਤਾ ਖੋਸਲਾ) ਦੇ ਨਾਲ ਹੈ ਅਤੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।