ਪਾਲ ਸਿੰਘ ਨੌਲੀ
ਜਲੰਧਰ, 6 ਜਨਵਰੀ
ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਚੱਲ ਰਹੇ ਕਿਸਾਨੀ ਧਰਨਿਆਂ ਨੂੰ ਹੋਰ ਭਖਾਉਣ ਲਈ ਪਿੰਡਾਂ ਵਿਚ ਕਿਰਤੀਆਂ ਵੱਲੋਂ ਜਾਗੋ ਕੱਢੀਆਂ ਜਾ ਰਹੀਆਂ ਹਨ। ਪਿੰਡਾਂ ਵਿੱਚੋਂ ਜਥੇ 7 ਜਨਵਰੀ ਨੂੰ ਸਵੇਰੇ ਦਿੱਲੀ ਲਈ ਰਵਾਨਾ ਹੋਣਗੇ। ਪਿੰਡਾਂ ਵਿਚ ਕੱਢੀ ਜਾ ਰਹੀ ਜਾਗੋ ਦੌਰਾਨ ਜਿਥੇ ਮੋਦੀ ਸਰਕਾਰ ’ਤੇ ਤਿੱਖੇ ਕਟਾਖਸ਼ ਕੱਸੇ ਜਾ ਰਹੇ ਹਨ ਉਥੇ ਮੌਸਮ ਨਾਲ ਦਰਪੇਸ਼ ਸੰਕਟ ਨਾਲ ਨਜਿੱਠਣ ਲਈ ਲੋਕਾਂ ਨੂੰ ਤਰਪਾਲਾਂ, ਰਜਾਈਆਂ, ਕੰਬਲ ਤੇ ਹੋਰ ਸਾਮਾਨ ਭੇਜਣ ਦੀ ਅਪੀਲ ਕੀਤੀ ਜਾ ਰਹੀ ਹੈ।
ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਪਿੰਡ ਸੈਦੋਵਾਲ ’ਚ ਗੁਰਦੁਆਰਾ ਸਾਹਿਬ ਵਿਚ ਇਕੱਤਰ ਹੋਈਆਂ ਔਰਤਾਂ ਨੇ ਮੋਦੀ ਸਰਕਾਰ ਖ਼ਿਲਾਫ ਜਾਗੋ ਕੱਢੀ ਅਤੇ ਪਿੰਡ ਤਲਵਣ, ਸਿੱਧਵਾਂ, ਸ਼ਾਦੀਪੁਰ, ਭੱਲੋਵਾਲ ਤੇ ਡੱਲਾ ’ਚ ਭਰਵੀਆਂ ਮੀਟਿੰਗਾਂ ਕੀਤੀਆਂ। ਇਸੇ ਤਰ੍ਹਾਂ ਪਿੰਡ ਸਿੱਧਵਾਂ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਕੰਦੋਲਾ, ਰਛਪਾਲ ਸਿੰਘ ਸ਼ਾਦੀਪੁਰ, ਜੀਤਾ ਅਤੇ ਰਣਜੋਧ ਸਿੰਘ ਆਦਿ ਨੇ ਸੰਬੋਧਨ ਕੀਤਾ।
ਮੁਕੇਰੀਆਂ (ਜਗਜੀਤ ਸਿੰਘ) : ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿੱਚ ਨੇੜਲੇ ਪਿੰਡ ਭਵਨਾਲ ਅਤੇ ਪੂਰੋ ਚੱਕ ਵਾਸੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਸ਼ਿਵ ਸਿੰਘ, ਸਾਬਕਾ ਸਰਪੰਚ ਸਤਪਾਲ ਸਿੰਘ, ਗੁਰਚਰਨ ਸਿੰਘ, ਸ਼ਾਮ ਸਿੰਘ ਨੇ ਕੀਤੀ ਜਦੋਂ ਕਿ ਸਭਾ ਦੇ ਸੂਬਾਈ ਜੁਆਇੰਟ ਸਕੱਤਰ ਆਸ਼ਾ ਨੰਦ, ਬਲਵੀਰ ਸਿੰਘ ਸਿੱਬੋਚੱਕ, ਜੈ ਪਾਲ, ਜੋਧਾ ਸਿੰਘ ਹੰਦਵਾਲ, ਗੁਰਮੇਲ ਸਿੰਘ, ਸੁਰੇਸ਼ ਕੁਮਾਰ, ਹਰਭਜਨ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਅੜੀਅਲ ਰਵੱਈਆ ਅਪਣਾਉਂਦੇ ਹੋਏ ਕਾਰੋਬਾਰੀ ਘਰਾਣਿਆਂ ਪੱਖੀ ਕਾਲੇ ਕਾਨੂੰਨਾਂ ਨੂੰ ਜਬਰੀ ਕਿਸਾਨਾਂ ’ਤੇ ਥੋਪ ਰਹੀ ਹੈ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਵਲੋਂ ਲਾਚੋਵਾਲ ਟੋਲ ਪਲਾਜ਼ਾ ’ਤੇ ਧਰਨਾ ਅੱਜ 90ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਕਿਸਾਨ ਆਗੂ ਗੁਰਦੀਪ ਸਿੰਘ ਖੁਣ-ਖੁਣ ਅਤੇ ਉਂਕਾਰ ਸਿੰਘ ਧਾਮੀ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਦਾ ਇਹ ਸੁਨਹਿਰੀ ਸਮਾਂ ਰਿਹਾ ਅਤੇ ਉਹ ਆਪਸੀ ਏਕਤਾ ਅਤੇ ਸੂਝਬੂਝ ਦੇ ਚੱਲਦਿਆਂ ਹਰ ਕਿਸਮ ਦੇ ਝਗੜਿਆਂ ਤੋਂ ਉੱਪਰ ਉੱਠ ਕੇ ਇਸ ਸੰਘਰਸ਼ ਨੂੰ ਮਜ਼ਬੂਤ ਦਿਸ਼ਾ ਵੱਲ ਲਿਜਾਉਣ ’ਚ ਸਫ਼ਲ ਰਹੇ ਹਨ।
ਟਿਕਰੀ ਬਾਰਡਰ ’ਤੇ ਰਸਦ ਭੇਜਣ ਦੀ ਅਪੀਲ
ਗੜ੍ਹਸ਼ੰਕਰ (ਜੇਬੀ ਸੇਖੋਂ): ਗੜ੍ਹਸ਼ੰਕਰ ਇਲਾਕੇ ਦੇ ਪਿੰਡਾਂ ਵਿਚੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਜਥੇ ਨਾਲ ਗਈ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ ਨੇ ਪੀਣ ਵਾਲੇ ਪਾਣੀ ਦੀਆਂ ਦੋ ਟਰਾਲੀਆਂ ਉਥੇ ਭੇਜੀਆਂ ਸਨ। ਉਨ੍ਹਾਂ ਦੱਸਿਆ ਕਿ ਸਿੰਘੂ ਬਾਰਡਰ ’ਤੇ ਲੰਗਰ ਦੀ ਰਸਦ ਤੇ ਹੋਰ ਸਾਮਾਨ ਲੋੜ ਤੋਂ ਵੱਧ ਜਾ ਰਿਹਾ ਹੈ ਪਰ ਟਿਕਰੀ ਬਾਰਡਰ ’ਤੇ ਸਾਮਾਨ ਇਸ ਦੇ ਮੁਕਾਬਲੇ ਘੱਟ ਪਹੁੰਚ ਰਿਹਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਟਿਕਰੀ ਬਾਰਡਰ ’ਤੇ ਕਿਸਾਨਾਂ ਤੇ ਮਜ਼ਦੂਰਾਂ ਲਈ ਸਾਮਾਨ ਭੇਜਿਆ ਜਾਵੇ।