ਪਾਲ ਸਿੰਘ ਨੌਲੀ
ਜਲੰਧਰ, 7 ਫਰਵਰੀ
ਪੰਜਾਬ ਸਰਕਾਰ ਵੱਲੋਂ ਸਕੂਲ-ਕਾਲਜਾਂ ਸਮੇਤ ਹੋਰ ਵਿੱਦਿਅਕ ਅਦਾਰੇ ਖੋਲ੍ਹਣ ਦੇ ਕੀਤੇ ਫੈਸਲੇ ਨੂੰ ਅੱਜ ਬਹੁਤ ਮੱਠਾ ਹੁੰਗਾਰਾ ਮਿਲਿਆ ਹੈ। ਲਾਡੋਵਾਲੀ ਰੋਡ ’ਤੇ ਸੀਨੀਅਰ ਸੈਕੰਡਰੀ ਸਕੂਲ ਵਿਚ ਜਿਥੇ 600 ਤੋਂ ਵੱਧ ਬੱਚੇ ਪੜ੍ਹਦੇ ਹਨ ਅੱਜ ਇਸ ਸਕੂਲ ਵਿਚ ਸਿਰਫ ਗਿਣਤੀ ਦੇ ਚਾਰ ਬੱਚੇ ਹੀ ਆਏ। ਇਸ ਸਕੂਲ ਵਿਚ 27 ਦੇ ਕਰੀਬ ਅਧਿਆਪਕ ਹਨ, ਇਨ੍ਹਾਂ ’ਚੋਂ ਤਿੰਨ-ਚਾਰ ਅੰਗਹੀਣ ਅਧਿਆਪਕ ਹਨ। ਇਨ੍ਹਾਂ ਨੂੰ ਛੱਡ ਕੇ ਬਾਕੀ ਸਾਰੇ ਅਧਿਆਪਕਾਂ ਦੀਆਂ ਡਿਊਟੀਆਂ ਚੋਣਾਂ ’ਚ ਲੱਗੀਆਂ ਹੋਈਆਂ ਹਨ। ਸਕੂਲ ਵਿੱਚ ਇੱਕ ਅਧਿਆਪਕਾ ਨੌਵੀਂ ਜਮਾਤ ਦੇ ਆਏ ਇਕ ਬੱਚੇ ਨੂੰ ਪੜ੍ਹਾ ਵੀ ਰਹੀ ਸੀ ਤੇ ਆਨਲਾਈਨ ਕਲਾਸ ਵੀ ਲੈ ਰਹੀ ਸੀ। ਇਸ ਅਧਿਆਪਕਾ ਨੇ ਕਿ ਹੁਣ ਸਾਰੇ ਅਧਿਆਪਕਾਂ ਦੀਆਂ ਡਿਊਟੀਆਂ ਚੋਣਾਂ ਵਿਚ ਲੱਗੀਆਂ ਹੋਈਆਂ ਹਨ, ਜਿਸ ਦਾ ਅਸਰ ਪੜ੍ਹਾਈ ’ਤੇ ਤਾਂ ਪਵੇਗਾ।
ਗੌਰਮਿੰਟ ਮਾਡਲ ਕੋ-ਐਜੂਕੇਸ਼ਨਲ ਸਕੂਲ ’ਚ ਵੀ ਅੱਜ 10 ਫੀਸਦੀ ਬੱਚੇ ਹੀ ਆਏ। ਇਨ੍ਹਾਂ ਬੱਚਿਆ ਵਿਚ ਛੇਵੀਂ ਤੋਂ ਅੱਠਵੀਂ ਕਲਾਸ ਦੇ ਬੱਚੇ ਸ਼ਾਮਲ ਸਨ। ਇਥੇ ਅਧਿਆਪਕਾਂ ਨੇ ਕਿ ਹਾਲੇ ਬੱਚਿਆਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਹੀਂ ਲੱਗੀਆਂ ਹੋਈਆਂ ਤੇ ਕਰੋਨਾ ਦੀ ਲਾਗ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀ ਰੱਖਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ।