ਦੀਪਕ ਠਾਕੁਰ
ਤਲਵਾੜਾ, 13 ਅਗਸਤ
ਇੱਥੇ ਨੀਮ ਪਹਾੜੀ ਪਿੰਡ ਭੋਲ ਬਦਮਾਣੀਆਂ ’ਚ ਚੀਲ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਦੀ ਕਵਰੇਜ ਕਰਨ ਗਏ ਪੱਤਰਕਾਰਾਂ ’ਤੇ ਲੱਕੜ ਮਾਫੀਏ ਨੇ ਅੱਜ ਜਾਨਲੇਵਾ ਹਮਲਾ ਕਰਕੇ ਇਕ ਪੱਤਰਕਾਰ ਨੂੰ ਜ਼ਖ਼ਮੀ ਕਰ ਦਿੱਤਾ। ਹਮਲੇ ’ਚ ਹਫ਼ਤਾਵਾਰੀ ਅਖ਼ਬਾਰ ਦਾ ਪੱਤਰਕਾਰ ਬਲਦੇਵ ਰਾਜ ਟੋਹਲੂ ਜ਼ਖ਼ਮੀ ਹੋਇਆ ਹੈ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।
ਪੀੜਤ ਨੇ ਦੱਸਿਆ ਕਿ ਕੱਲ੍ਹ ਉਹ ਦੋ ਹੋਰ ਪੱਤਰਕਾਰਾਂ ਨਾਲ ਪਿੰਡ ਭੋਲ ਬਦਮਾਣੀਆਂ ਵਿੱਚ ਚੀਲ ਦੇ ਦਰੱਖਤਾਂ ਦੀ ਕਥਿਤ ਕਟਾਈ ਅਤੇ ਕੱਚੇ ਕੋਲੇ ਦੀਆਂ ਚੱਲਦੀਆਂ ਭੱਠੀਆਂ ਦੀ ਕਵਰੇਜ ਕਰਨ ਗਏ ਸਨ। ਪਰ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਲੱਕੜ ਮਾਫੀਆ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲਾਵਾਰ ਗੀਤਾ ਦੇਵੀ, ਮੁਕੇਸ਼, ਕਮਾਲਦੀਨ ਆਦਿ ਨੇ ਪਹਿਲਾਂ ਉਨ੍ਹਾਂ ਨਾਲ ਬਦਸਲੂਕੀ ਕੀਤੀ, ਮਗਰੋਂ ਮਾਰਕੁੱਟ ਕੀਤੀ। ਬਲਦੇਵ ਰਾਜ ਨੇ ਦੱਸਿਆ ਕਿ ਉਸ ਦੀ ਅੱਖ ਅਤੇ ਸਰੀਰ ’ਤੇ ਗੰਭੀਰ ਸੱਟਾਂ ਆਈਆਂ ਹਨ। ਉਨ੍ਹਾਂ ਦੌੜ੍ਹ ਕੇ ਆਪਣੀ ਜਾਨ ਬਚਾਈ ਅਤੇ ਇਸਦੀ ਸੂਚਨਾ ਸਥਾਨਕ ਪੁਲੀਸ ਨੂੰ ਦਿੱਤੀ। ਏਐਸਆਈ ਜਸਵੀਰ ਸਿੰਘ ਦੀ ਅਗਵਾਈ ’ਚ ਮੌਕੇ ’ਤੇ ਪੁੱਜੀ ਪੁਲੀਸ ਪਾਰਟੀ ਨੇ ਉਨ੍ਹਾਂ ਦੇ ਵਾਹਨ ਛੁਡਾਏ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਝਰੇੜਾ, ਭਵਨੌਰ, ਰਾਮਗੜ੍ਹ ਸੀਕਰੀ, ਧਰਮਪੁਰ, ਭੋਲ ਬਦਮਾਣੀਆਂ, ਸੁਖਚੈਨਪੁਰ ਆਦਿ ਨੀਮ ਪਹਾੜੀ ਪਿੰਡਾਂ ’ਚ ਚੀਲ ਦੀ ਕਥਿਤ ਕਟਾਈ ਹੋ ਰਹੀ ਹੈ ਜਿਸ ਕਾਰਨ ਸੈਂਕੜੇ ਏਕੜ ਜੰਗਲ ’ਚੋਂ ਦਰੱਖਤ ਗਾਇਬ ਹੋ ਗਏ ਹਨ। ਖ਼ੇਤਰ ’ਚ ਲੱਕੜ ਮਾਫੀਏ ਦੀ ਦਹਿਸ਼ਤ ਹੈ। ਥਾਣਾ ਤਲਵਾੜਾ ਮੁਖੀ ਹਰਗੁਰਦੇਵ ਸਿੰਘ ਨੇ ਕਿਹਾ ਕਿ ਪੀਡਤ ਪੱਤਰਕਾਰ ਦੇ ਬਿਆਨ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਰਨਲਿਸਟ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਤਲਵਾੜਾ ਨੇ ਪੱਤਰਕਾਰਾਂ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਪ੍ਰਧਾਨ ਰਮਨ ਟੰਡਨ, ਉਪ ਪ੍ਰਧਾਨ ਰਮਨ ਕੌਸ਼ਲ, ਸਲਾਹਕਾਰ ਸੁਰਿੰਦਰ ਸ਼ਰਮਾ, ਰਾਕੇਸ਼ ਸ਼ਰਮਾ ਤੇ ਡੀ.ਸੀ.ਭਾਰਦਵਾਜ ਨੇ ਪੱਤਰਕਾਰਾਂ ’ਤੇ ਆਏ ਦਿਨ ਹੋ ਰਹੇ ਹਮਲਿਆਂ ’ਤੇ ਚਿੰਤਾ ਪ੍ਰਗਟ ਕੀਤੀ। ਸੁਸਾਇਟੀ ਮੈਂਬਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਪੱਤਰਕਾਰਾਂ ’ਤੇ ਹੋਏ ਹਮਲੇ ਦੇ ਮਾਮਲੇ ’ਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।