ਮੁਕੇਰੀਆਂ (ਜਗਜੀਤ ਸਿੰਘ): ਪਾਵਰਕੌਮ ਸਬ-ਡਵੀਜ਼ਨ ਭੰਗਾਲਾ ਵਿੱਚ ਤਾਇਨਾਤ ਨੇੜਲੇ ਪਿੰਡ ਬਸਤੀ ਕੁੱਲੀਆਂ ਦੇ ਪ੍ਰੋਬੇਸ਼ਨ ਪੀਰੀਅਡ ਅਧੀਨ ਕੰਮ ਕਰ ਰਹੇ ਸਹਾਇਕ ਲਾਈਨਮੈਨ ਰਵਿੰਦਰ ਮਿੰਟੂ ਦੀ ਕਰੋਨਾ ਟੀਕਾਕਰਨ ਤੋਂ ਬਾਅਦ ਤਬੀਅਤ ਵਿਗੜਣ ਉਪਰੰਤ ਕੁਝ ਦਿਨ ਬਾਅਦ ਬੀਤੀ ਸ਼ਾਮ ਮੌਤ ਹੋ ਗਈ ਹੈ। ਮ੍ਰਿਤਕ ਸਹਾਇਕ ਲਾਈਨਮੈਨ ਨੇ ਬੀਤੇ ਕੁੱਝ ਦਿਨ ਪਹਿਲਾਂ ਕਰੋਨਾ ਰੋਕੂ ਟੀਕਾ ਲਗਵਾਇਆ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਬੀਮਾਰ ਚੱਲ ਰਿਹਾ ਸੀ ਅਤੇ ਬੀਤੀ ਸ਼ਾਮ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਅੱਜ ਸਿਹਤ ਵਿਭਾਗ ਨੂੰ ਸੂਚਿਤ ਕਰਨ ਉਪਰੰਤ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਰਵਿੰਦਰ ਸਿੰਘ ਮਿੰਟੂ ਦੀ ਪਤਨੀ ਸੁਨੀਤਾ ਨੇ ਦੱਸਿਆ ਕਿ ਉਸਦੀ ਸੱਸ ਨੇ ਵੀ ਕਰੋਨਾ ਰੋਕੂ ਟੀਕਾ ਲਗਵਾਇਆ ਸੀ ਪਰ ਉਸ ਨੂੰ ਲਗਾਤਾਰ ਬੁਖਾਰ ਰਹਿਣ ਲੱਗਾ। ਉਸ ਦਾ ਪਤੀ ਤੰਦਰੁਸਤ ਸੀ ਅਤੇ ਆਪਣੀ ਮਾਤਾ ਦੇ ਬੀਮਾਰ ਰਹਿਣ ਕਾਰਨ ਟੀਕਾ ਲਗਾਉਣ ਤੋਂ ਸੰਕੋਚ ਕਰ ਰਿਹਾ ਸੀ ਪਰ ਪਾਵਰਕੌਮ ਅਧਿਕਾਰੀਆਂ ਦੇ ਕਰੋਨਾ ਰੋਕੂ ਟੀਕਾ ਲਗਵਾਉਣ ਲਈ ਲਗਾਤਾਰ ਵੱਧਦੇ ਦਬਾਅ ਕਾਰਨ ਉਸ ਨੇ ਕੁਝ ਦਿਨ ਪਹਿਲਾਂ ਪਿੰਡ ਕੋਟਲੀ ਵਿੱਚ ਕੈਂਪ ਦੌਰਾਨ ਟੀਕਾ ਲਗਾਇਆ ਸੀ।
ਕਾਦੀਆਂ (ਮਕਬੂਲ ਅਹਿਮਦ): ਆਕਸੀਜਨ ਦੀ ਘਾਟ ਕਾਰਨ ਅੱਜ ਕਾਦੀਆਂ ਵਾਸੀ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਬਸ਼ਾਰਤ ਅਹਿਮਦ ਹੈਦਰ (69) ਨੂੰ ਆਕਸੀਜਨ ਦੀ ਘਾਟ ਹੋਣ ਕਾਰਨ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਤੇ ਅੱਜ ਸ਼ਾਮ ਨੂੰ ਉਸ ਨੇ ਆਖ਼ਰੀ ਸਾਹ ਲਿਆ। ਉਸ ਦੇ ਦੇਹਾਂਤ ਕਾਰਨ ਸ਼ਹਿਰ ’ਚ ਸੋਗ ਦੀ ਲਹਿਰ ਦੌੜ ਗਈ ਹੈ। ਕਾਦੀਆਂ ਪ੍ਰੈਸ ਕਲਬ ਦੇ ਪ੍ਰਧਾਨ ਅਸ਼ੋਕ ਨਈਅਰ, ਕ੍ਰਿਸ਼ਨ ਅਹਿਮਦ, ਮੁਹੰਮਦ ਲੁਕਮਾਨ ਦੇਹਲਵੀ, ਜ਼ੀਸ਼ਾਨ ਅਹਿਮਦ, ਚੌਧਰੀ ਮਨਸੂਰ ਘਨੋਕੇ ਨੇ ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।