ਪੱਤਰ ਪ੍ਰੇਰਕ
ਹੁਸ਼ਿਆਰਪੁਰ, 10 ਮਾਰਚ
ਅੱਜ ਸਵੇਰੇ ਹੁਸ਼ਿਆਰਪੁਰ-ਫਗਵਾੜਾ ਸੜਕ ’ਤੇ ਸਥਿਤ ਪਿੰਡ ਅੱਤੋਵਾਲ ਵਿਖੇ ਕੁਝ ਅਪਛਾਤੇ ਵਿਅਕਤਆਂ ਨੇ ਇਕ ਮੈਡੀਕਲ ਸਟੋਰ ਮਾਲਕ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ (60) ਪੁੱਤਰ ਪ੍ਰੀਤਮ ਦਾਸ ਵਾਸੀ ਫੁਗਲਾਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਤਰਸੇਮ ਸਿੰਘ ਨੇ ਤੜਕੇ ਹੀ ਮੈਡੀਕਲ ਸਟੋਰ ਖੋਲ੍ਹ ਲਿਆ ਸੀ। ਵਾਰਦਾਤ ਦਾ ਉਦੋਂ ਪਤਾ ਲੱਗਿਆ ਜਦੋਂ ਕੋਈ ਗਾਹਕ ਦਵਾਈ ਲੈਣ ਉੱਥੇ ਗਿਆ। ਤਰਸੇਮ ਸਿੰਘ ਦੀ ਲਾਸ਼ ਖੂਨ ਨਾਲ ਲਥਪਥ ਉੱਥੇ ਪਈ ਸੀ। ਸੂਚਨਾ ਮਿਲਣ ’ਤੇ ਮੇਹਟੀਆਣਾ ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। ਅਣਪਛਾਤੇ ਹਤਿਆਰਿਆਂ ਖਿਲਾਫ਼ ਕਤਲ ਦਾ ਕੇਸ ਦਰਜ ਕਰਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਪਿਛਲੇ ਲਗਪਗ 30 ਸਾਲਾਂ ਤੋਂ ਅੱਤੋਵਾਲ ਵਿੱਚ ਮਹੇ ਮੈਡੀਕਲ ਸਟੋਰ ਚਲਾ ਰਿਹਾ ਸੀ। ਅੱਜ-ਕਲ੍ਹ ਉਹ ਸ਼ਹਿਰ ਦੇ ਰਵਿਦਾਸ ਨਗਰ ਮੁਹੱਲਾ ’ਚ ਰਹਿ ਰਿਹਾ ਸੀ। ਐਸ.ਐਚ.ਓ ਮੇਹਟੀਆਣਾ ਦੇਸ ਰਾਜ ਨੇ ਦੱਸਿਆ ਕਿ ਸੀਸੀਟੀਵੀ ਦੇ ਫੁਟੇਜ ਵਿਚ ਇਕ ਵਿਅਕਤੀ 7.58 ਵਜੇ ਦੁਕਾਨ ਅੰਦਰ ਦਾਖਲ ਹੋਇਆ ਅਤੇ 8.03 ਵਜੇ ਬਾਹਰ ਆਇਆ। ਉਨ੍ਹਾਂ ਕਿਹਾ ਕਿ ਪੁਲੀਸ ਦੋਸ਼ੀ ਦੀ ਪਛਾਣ ਕਰਨ ’ਚ ਜੁਟੀ ਹੋਈ ਹੈ।