ਗੁਰਦੇਵ ਸਿੰਘ ਗਹੂੰਣ
ਬਲਾਚੌਰ, 13 ਅਕਤੂਬਰ
ਇੱਥੋਂ ਨਜ਼ਦੀਕੀ ਪਿੰਡ ਕੁਲਾਰ ਅਤੇ ਬੱਛੂਆਂ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਯੂਥ ਵਿੰਗ ਦੇ ਆਗੂ ਅਸ਼ੋਕ ਕੁਲਾਰ, ਜਰਨੈਲ ਸਾਹਦੜਾ ਅਤੇ ਮਿਸਤਰੀ ਮਜ਼ਦੂਰ ਯੂਨੀਅਨ ਦੇ ਮੀਤ ਪ੍ਰਧਾਨ ਹਰਦੀਪ ਪਨੇਸਰ ਆਦਿ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਲਈ ਮਜ਼ਦੂਰ ਵਰਗ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕੀਤੇ, ਜਿਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਹੁਣ ਤੱਕ ਵਫਾ ਨਹੀਂ ਹੋ ਸਕਿਆ।
ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਸਾਂਝੇ ਮੋਰਚੇ ਵੱਲੋਂ ਸੰਘਰਸ਼ ਲੜਿਆ ਗਿਆ ਸੀ ਅਤੇ ਸੰਘਰਸ਼ ਦੌਰਾਨ ਹੋਈ ਗੱਲਬਾਤ ਵਿੱਚ ਪੰਜਾਬ ਸਰਕਾਰ ਨੇ ਮੰਨਿਆ ਸੀ ਕਿ ਮਜ਼ਦੂਰਾਂ ਦੀ ਦਿਹਾੜੀ ’ਚ ਵਾਧਾ ਕੀਤਾ ਜਾਵੇਗਾ ਅਤੇ ਘੱਟੋ-ਘੱਟ ਬੇਸ ਲਾਗੂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਮਜ਼ਦੂਰਾਂ ਨੂੰ ਸਬਜ਼ਬਾਗ ਵਿਖਾਏ ਸਨ ਅਤੇ 700 ਰੁਪਏ ਦਿਹਾੜੀ ਮਿਹਨਤਾਨੇ ਵਜੋਂ ਦਿਵਾਉਣ ਦੀ ਗਾਰੰਟੀ ਕੀਤੀ ਸੀ, ਪ੍ਰੰਤੂ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ 24 ਰੁਪਏ ਦਿਹਾੜੀ ’ਚ ਵਾਧਾ ਕਰ ਕੇ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਦੀ ਪੂਰਤੀ ਹਿੱਤ ਪੇਂਡੂ ਮਜ਼ਦੂਰ ਯੂਨੀਅਨ ਤਿੱਖਾ ਸੰਘਰਸ਼ ਉਲੀਕੇਗੀ। ਇਸ ਮੌਕੇ ਹਰਮੇਸ਼ ਸਾਹਦੜਾ, ਰੌਸ਼ਨ ਲਾਲ, ਕਰਨਦੀਪ ਕੁਲਾਰ, ਮੋਹਿਤ ਭੁੱਟਾ, ਕਸ਼ਮੀਰੋ ਕੁਲਾਰ, ਸਾਵਿੱਤਰੀ, ਊਸ਼ਾ ਰਾਣੀ, ਬਿੰਦਰ ਕੌਰ ਅਤੇ ਕਮਲੇਸ਼ ਕੌਰ ਮੌਜੂਦ ਸਨ।
ਸ਼ਾਹਕੋਟ (ਗੁਰਮੀਤ ਖੋਸਲਾ): ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨਾਲ ਚੋਣਾਂ ਮੌਕੇ ਕੀਤੀਆਂ ਗਾਰੰਟੀਆਂ ਪੂਰਾ ਨਾ ਕਰਨ ਦੇ ਰੋਸ ਵਜੋਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਲ ਪੇਂਡੂ ਮਜ਼ਦੂਰ ਯੂਨੀਅਨ ਨੇ ਤਲਵੰਡੀ ਸਲੇਮ, ਹੁੰਦਲ ਢੱਡਾ, ਲਹਿਣਾ ਢੱਡਾ, ਦੌਲਤਪੁਰ ਢੱਡਾ ਅਤੇ ਦਿਲਖਾਹਪੁਰ ਢੱਡਾ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ।
ਯੂਨੀਅਨ ਆਗੂ ਵਿਜੇ ਬਾਠ ਅਤੇ ਆਸ਼ਾ ਰਾਣੀ ਨੇ ਮਜ਼ਦੂਰ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਘੱਟੋ-ਘੱਟ ਉਜਰਤ ਵਿੱਚ ਕੀਤੇ ਨਿਗੂਣੇ ਵਾਧੇ ਨੇ ਦਰਸਾ ਦਿੱਤਾ ਹੈ ਕਿ ‘ਆਪ’ ਵੀ ਪਹਿਲੀਆਂ ਸਰਕਾਰਾਂ ਵਾਂਗ ਮਜ਼ਦੂਰਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਸਿਰਫ ਸੱਤਾ ਪ੍ਰਾਪਤ ਹੀ ਕਰਨੀ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਨਾ ਕਰਨ ਅਤੇ ਮੰਗਾਂ ਦੇ ਨਿਪਟਾਰੇ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਅਮਲ ਵਿੱਚ ਲਾਗੂ ਨਾ ਹੋਣ ਦੇ ਰੋਸ ਵਜੋਂ ਉਨ੍ਹਾਂ ਨੂੰ ਸਰਕਾਰ ਦੇ ਪੁਤਲੇ ਫੂਕਣੇ ਪੈ ਰਹੇ ਹਨ।