ਪੱਤਰ ਪ੍ਰੇਰਕ
ਫਗਵਾੜਾ, 27 ਅਗਸਤ
ਗੰਨੇ ਦੀ ਬਕਾਇਆ 72 ਕਰੋੜ ਦੀ ਰਾਸ਼ੀ ਨੂੰ ਲੈ ਕੇ ਕਿਸਾਨਾਂ ਵਲੋਂ ਸ਼ੁਰੂ ਕੀਤਾ ਧਰਨਾ ਅੱਜ 20ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ ਤੇ ਅੱਜ ਕਿਸਾਨਾਂ ਵਲੋਂ ਆਪਣਾ ਧਰਨਾ ਜਾਰੀ ਰੱਖਿਆ ਗਿਆ। ਧਰਨੇ ਦੀ ਡਿਊਟੀ ਬਹਿਰਾਮ ਸਰਕਲ ਦੇ ਆਗੂਆਂ ਨੇ ਨਿਭਾਈ। ਇਸ ਮੌਕੇ ਕਿਸਾਨਾਂ ਵੱਲੋਂ ਸਰਕਾਰ ਤੇ ਮਿੱਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਤੁਰੰਤ ਅਦਾਇਗੀ ਦੀ ਮੰਗ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਕਿਸਾਨ ਸੜਕਾ ’ਤੇ ਰੁਲ ਰਹੇ ਹਨ ਪਰ ਇਸ ਦਾ ਹੱਲ ਕੱਢਣ ’ਚ ਮਿੱਲ ਮਾਲਕ ਤੇ ਸਰਕਾਰ ਅਸਫ਼ਲ ਰਹੀ ਹੈ।
ਉਨ੍ਹਾਂ ਕਿਹਾ ਕਿ ਗੰਨੇ ਦੀ ਬਕਾਇਆ ਰਾਸ਼ੀ ਨੂੰ ਤਿੰਨ ਸਾਲ ਹੋ ਚੁੱਕੇ ਹਨ ਤੇ ਸਰਕਾਰਾ ਵਲੋਂ ਉਨ੍ਹਾਂ ਨੂੰ ਲਾਅਰੇ ਹੀ ਲਗਾਏ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾ ਸਕਣ। ਅੱਜ ਦੇ ਧਰਨੇ ’ਚ ਢਾਡੀ ਜਥੇ ਤੇ ਪੰਜਾਬੀ ਸੂਫ਼ੀ ਗਾਇਕ ਸਰਦਾਰ ਅਲੀ ਨੇ ਵੀ ਹਾਜ਼ਰੀ ਲਗਵਾਈ।