ਪੱਤਰ ਪ੍ਰੇਰਕ
ਫਗਵਾੜਾ, 3 ਸਤੰਬਰ
ਗੰਨੇ ਦੀ ਬਕਾਇਆ 72 ਕਰੋੜ ਦੀ ਰਾਸ਼ੀ ਨੂੰ ਲੈ ਕੇ ਕਿਸਾਨਾਂ ਵਲੋਂ ਸ਼ੁਰੂ ਕੀਤਾ ਧਰਨਾ ਜਾਰੀ ਹੈ। ਇਸ ਮੌਕੇ ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਨੂੰ ਮਿੱਲ ਤੁਰੰਤ ਚਲਾਉਣ ਅਤੇ ਬਕਾਇਆ ਰਾਸ਼ੀ ਦੀ ਅਦਾਇਗੀ ਕਰਨ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਨਜੀਤ ਸਿੰਘ ਰਾਏ, ਕ੍ਰਿਪਾਲ ਸਿੰਘ ਮੁਸਾਪੂਰ, ਸਤਨਾਮ ਸਿੰਘ ਸਾਹਨੀ, ਕੁਲਵਿੰਦਰ ਕਾਲਾ ਆਦਿ ਆਗੂਆਂ ਨੇ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਨੇ ਕਿਸਾਨਾਂ ਨੂੰ ਸੜਕਾਂ ’ਤੇ ਨਾ ਰੁਲਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੂੰ 27 ਦਿਨ ਹੋ ਚੱਲੇ ਹਨ ਪਰ ਸਰਕਾਰ ਇਸ ਦਾ ਹੱਲ ਨਹੀਂ ਕੱਢ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਕਿਸਾਨਾਂ ਦੀ ਅਦਾਇਗੀ ਕਰਵਾਉਣ ਤੇ ਮਿੱਲ ਨੂੰ ਮੁੜ ਚਲਾਉਣਾ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਭੂਨਾ ਮਿੱਲ ਦੀ ਰਜਿਸਟਰੀ ਹੋਣ ਨਾਲ ਕਿਸਾਨਾਂ ਨੂੰ ਕੁਝ ਪੈਸੇ ਆਉਣ ਦੀ ਆਸ ਬੱਝ ਗਈ ਹੈ ਪਰ ਜੋ ਰਾਸ਼ੀ ਬਾਕੀ ਰਹਿੰਦੀ ਹੈ, ਉਸ ਨੂੰ ਵੀ ਸਰਕਾਰ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਨੂੰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।