ਪੱਤਰ ਪ੍ਰੇਰਕ
ਸ਼ਾਹਕੋਟ, 11 ਜੂਨ
ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਪਿੰਡ ਜਾਫਰਵਾਲ ਵਿੱਚ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਇਕ ਕਿਸਾਨ ਦੇ ਘਰ ਵਿੱਚ ਦਾਖਲ ਹੋ ਕੇ ਘਰ ਵਿੱਚੋਂ ਸੋਨੇ ਦੇ ਗਹਿਣੇ, 25 ਹਜ਼ਾਰ ਰੁਪਏ ਨਕਦ, ਡੀ.ਵੀ.ਡੀ,ਐੱਲ.ਸੀ.ਡੀ, ਮੋਬਾਈਲ ਫੋਨਾਂ ਸਮੇਤ ਲਗਪਗ 10 ਲੱਖ ਰੁਪਏ ਦਾ ਘਰੇਲੂ ਸਾਮਾਨ ਲੁੱਟ ਲਿਆ। ਪੀੜਤ ਕਿਸਾਨ ਬਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਜਾਫਰਵਾਲ ਨੇ ਦੱਸਿਆ ਕਿ ਸ਼ਨਿਚਰਵਾਰ ਤੜਕੇ 1 ਵਜੇ ਮੂੰਹ ਬੰਨ੍ਹ ਕੇ ਤਿੰਨ ਹਥਿਆਰਬੰਦ ਲੁਟੇਰੇ ਉਨ੍ਹਾਂ ਦੇ ਘਰ ਦੀ ਛੱਤ ਰਾਹੀਂ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਗਏ। ਲੁਟੇਰਿਆਂ ਵਿੱਚੋਂ ਇਕ ਲੁਟੇਰੇ ਨੇ ਪਿਸਤੌਲ ਉਨ੍ਹਾਂ ਉੱਪਰ ਤਾਣਦਿਆਂ ਕਿਹਾ ਕਿ ਜੋ ਕੁਝ ਵੀ ਘਰ ਵਿੱਚ ਹੈ, ਚੁੱਪ-ਚਾਪ ਉਨ੍ਹਾਂ ਦੇ ਹਵਾਲੇ ਕਰ ਦਿਓ ਜਾਂ ਮਰਨ ਲਈ ਤਿਆਰ ਹੋ ਜਾਓ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਉਨ੍ਹਾਂ ਦੇ ਘਰ ਦੀਆਂ ਅਲਮਾਰੀਆਂ ਵਿੱਚ ਪਏ ਅਤੇ ਘਰ ਦੇ ਮੈਂਬਰਾਂ ਦੇ ਗਲਾਂ, ਕੰਨਾਂ ਅਤੇ ਹੱਥਾਂ ਵਿਚ ਪਾਏ ਸੋਨੇ ਦੇ ਗਹਿਣੇ, ਘਰੇਲੂ ਕੱਪੜੇ ਅਤੇ ਜੁੱਤੀਆਂ ਤੱਕ ਕਢਵਾ ਲਈਆਂ। ਲੁੱਟ ਕਰਨ ਤੋਂ ਬਾਅਦ ਲੁਟੇਰਿਆਂ ਨੇ ਸਾਰਾ ਸਾਮਾਨ ਬੰਨ੍ਹ ਕੇ ਉਨ੍ਹਾਂ ਦੀ ਸਕੂਟਰੀ ਉੱਪਰ ਲੱਦ ਲਿਆ। ਪਰ ਜਦੋਂ ਸਕੂਟਰੀ ਸਟਾਰਟਰ ਨਾ ਹੋਈ ਤਾਂ ਉਹ ਆਪਣੇ ਸਿਰਾਂ ਉੱਪਰ ਸਾਮਾਨ ਚੁੱਕ ਕੇ ਖੇਤਾਂ ਵਿੱਚ ਦੀ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਐੱਸ.ਐੱਚ.ਓ. ਸ਼ਾਹਕੋਟ ਹਰਦੀਪ ਸਿੰਘ ਮਾਨ ਵੀ ਪੁਲੀਸ ਫੋਰਸ ਸਮੇਤ ਪੀੜਤ ਦੇ ਘਰ ਪਹੁੰਚ ਗਏ। ਉਨ੍ਹਾਂ ਘਰ ਦੀ ਬਾਰੀਕੀ ਨਾਲ ਜਾਂਚ ਕੀਤੀ। ਥਾਣਾ ਮੁਖੀ ਨੇ ਕਿਹਾ ਕਿ ਲੁੱਟ ਦੇ ਸੁਰਾਗ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ, ਜਿਸਦੇ ਮਿਲਦਿਆਂ ਹੀ ਲੁਟੇਰੇ ਕਾਬੂ ਕਰ ਲਏ ਜਾਣਗੇ।