ਪੱਤਰ ਪ੍ਰੇਰਕ
ਤਲਵਾੜਾ, 15 ਅਪਰੈਲ
ਪੰਜਾਬ ਸਰਕਾਰ ਨੇ ਕੰਢੀ ਖ਼ੇਤਰ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ 221 ਕਰੋੜ ਰੁਪਏ ਦੀ ਯੋਜਨਾ ਨੂੰ ਹਰੀ ਝੰਡੀ ਦਿੱਤੀ ਹੈ। ਇਹ ਜਾਣਕਾਰੀ ਇੱਥੇ ਇੱਕ ਨਿੱਜੀ ਰੇਸਤਰਾਂ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ,ਪੰਜਾਬ ਦੇ ਚੀਫ਼ ਇੰਜਨੀਅਰ ਕੇਐੱਸ. ਸੈਣੀ ਨੇ ਹਲ਼ਕਾ ਵਿਧਾਇਕ ਅਰੁਣ ਡੋਗਰਾ ਦੀ ਹਾਜ਼ਰੀ ਵਿੱਚ ਦਿੱਤੀ। ਚੀਫ਼ ਇੰਜਨੀਅਰ ਸੈਣੀ ਨੇ ਦੱਸਿਆ ਕਿ ਵਿਧਾਇਕ ਡੋਗਰਾ ਦੇ ਯਤਨਾ ਸਦਕਾ ਪੰਜਾਬ ਸਰਕਾਰ ਨੇ 197 ਦੇ ਕਰੀਬ ਨੀਮ ਪਹਾੜੀ ਪਿੰਡਾਂ ਦੀ ਪਿਆਸ ਬੁਝਾਉਣ ਲਈ ਬਹੁਕਰੋੜੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ‘ਸਰਫੇਸ ਵਾਟਰ ਸਪਲਾਈ ਸਕੀਮ’ ਪ੍ਰਾਜੈਕਟ ਤਹਿਤ ਜਲਦ ਹੀ ਯੋਜਨਾ ’ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤਹਿਤ ਪੰਜਾਬ ਸਰਕਾਰ ਨੇ ਨਾਬਾਰਡ ਅਧੀਨ 156 ਕਰੋੜ ਜਾਰੀ ਕੀਤੇ ਹਨ। ਇਸ ਯੋਜਨਾ ਤਹਿਤ ਪਿੰਡਾਂ ਨੂੰ 8 ਤੋਂ 24 ਘੰਟੇ ਨਿਰੰਤਰ ਪਾਣੀ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਅਰੁਣ ਡੋਗਰਾ ਨੇ ਦਾਅਵਾ ਕੀਤਾ ਕਿ ਯੋਜਨਾ ਦੇ ਸ਼ੁਰੂ ਹੋਣ ਨਾਲ ਨੀਮ ਪਹਾੜੀ ਪਿੰਡਾਂ ‘ਚ ਪੀਣ ਵਾਲੇ ਪਾਣੀ ਦੀ ਕਿੱਲਤ ਲਗਪਗ ਸਮਾਪਤ ਹੋ ਜਾਵੇਗੀ। ਇਸ ਮੌਕੇ ਵਿਭਾਗ ਦੇ ਐਸਈ ਰਾਜੇਸ਼ ਦੁਬੇ, ਐਕਸਿਅਨ ਸਿਮਰਨਜੀਤ ਸਿੰਘ, ਜੇਈ ਪ੍ਰਭਜੋਤ ਸਿੰਘ, ਬਲਾਕ ਕਾਂਗਰਸ ਪ੍ਰਧਾਨ ਪ੍ਰੀਤਮ ਸਿੰਘ ‘ਪ੍ਰੀਤ’ ਹਾਜ਼ਰ ਸਨ।