ਪੱਤਰ ਪ੍ਰੇਰਕ
ਆਦਮਪੁਰ ਦੋਆਬਾ(ਜਲੰਧਰ), 8 ਜੁਲਾਈ
ਮਿਉਂਸਿਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਵੱਲੋਂ ਜਲੰਧਰ ਸ਼ਹਿਰ ਦੇ ਬਸਤੀ ਪੀਰ ਦਾਦ, ਸੁਦਾਮਾ ਨਗਰ, ਪੁਲੀਸ ਲਾਈਨ, ਕਮਲ ਵਿਹਾਰ, ਕਬੀਰ ਨਗਰ, ਅਵਤਾਰ ਨਗਰ, ਰਸੀਲਾ ਨਗਰ, ਮਖਦੂਮਪੂਰਾ ਆਦਿ ਖੇਤਰਾਂ ਵਿੱਚ ਜਾ ਕੇ 483 ਘਰਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਪ੍ਰਤੀ ਜਾਗਰੂਕ ਕਰਦੇ ਹੋਏ ਟੀਮਾਂ ਵੱਲੋਂ 139 ਕੂਲਰ, 18 ਟਾਇਰ, 764 ਕਬਾੜ-ਕੰਟੇਨਰਾਂ ਦੀ ਜਾਂਚ ਕੀਤੀ ਗਈ ਅਤੇ 36 ਕਮਰਿਆਂ ਵਿੱਚ ਮੱਛਰਾਂ ਦੀ ਰੋਕਥਾਮ ਲਈ ਸਪਰੇਅ ਕੀਤਾ। ਇਸ ਦੌਰਾਨ 28 ਥਾਵਾਂ ’ਤੇ ਡੇਂਗੂ ਲਾਰਵਾ ਪਾਇਆ ਗਿਆ, ਜਿਸ ਨੂੰ ਮੌਕੇ ’ਤੇ ਨਸ਼ਟ ਕੀਤਾ ਗਿਆ।
ਉਥੇ ਹੀ ਡਾ. ਅਦਿਤਿਆਪਾਲ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਐੱਮ.ਪੀ.ਐੱਚ.ਐੱਸ. ਰਾਜਪਾਲ ਅਤੇ ਐੱਮ.ਪੀ.ਐੱਚ.ਡਬਲਿਊ. ਮਨਜੀਤ ਸਿੰਘ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ, ਬਸਤੀ ਪੀਰਦਾਦ ਬਾਵਾ ਖੇਲ ਜਲੰਧਰ ਵਿੱਚ ਵਿਦਿਆਰਥੀਆਂ ਨੂੰ ਡੇਂਗੂ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ।