ਦੀਪਕ ਠਾਕੁਰ
ਤਲਵਾੜਾ, 17 ਜੂਨ
ਕੇਂਦਰ ਸਰਕਾਰ ਵੱਲੋਂ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਐਲਾਨੀ ਅਗਨੀਪਥ ਯੋਜਨਾ ਖ਼ਿਲਾਫ਼ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਨੌਜਵਾਨ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅੱਜ ਤਲਵਾੜਾ ਵਿੱਚ ਵੀ ਵੱਡੀ ਗਿਣਤੀ ’ਚ ਨੌਜਵਾਨ ਮਹਾਰਾਣਾ ਪ੍ਰਤਾਪ ਚੌਕ ਨਜ਼ਦੀਕ ਇਕੱਠੇ ਹੋਏ। ਕੰਢੀ ਦੇ ਵੱਖ ਵੱਖ ਪਿੰਡਾਂ ’ਚੋਂ ਸੈਂਕੜੇ ਨੌਜਵਾਨਾਂ ’ਚ ਫ਼ੌਜ ਦੀ ਭਰਤੀ ਦਾ ਫਿਜ਼ੀਕਲ ਟੈਸਟ ਪਾਸ ਅਤੇ ਲਿਖਤੀ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਨੌਜਵਾਨ ਵੀ ਸ਼ਾਮਲ ਹੋਏ। ਇਕੱਤਰ ਨੌਜਵਾਨਾਂ ਨੇ ਫੈਸਲੇ ਦੇ ਵਿਰੋਧ ’ਚ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜ਼ਮਹੂਰੀ ਕਿਸਾਨ ਸਭਾ ਪੰਜਾਬ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਨੇ ਨੌਜਵਾਨਾਂ ਦੇ ਰੋਸ ਪ੍ਰਦਰਸ਼ਨ ਦਾ ਪੂਰਨ ਸਮਰਥਨ ਕੀਤਾ। ਰੋਸ ਪ੍ਰਦਰਸ਼ਨ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਨੌਜਵਾਨ ਸਭਾ ਦੇ ਸੂਬਾ ਜਨ ਸਕੱਤਰ ਧਰਮਿੰਦਰ ਸਿੰਘ ‘ਸਿੰਬਲੀ’ ਨੇ ਕੇਂਦਰ ਸਰਕਾਰ ਨੂੰ ਫੈਸਲੇ ’ਤੇ ਮੁੜ ਨਜ਼ਰਸਾਨੀ ਕਰਨ ਦੀ ਮੰਗ ਕੀਤੀ ਹੈ। ਇਕੱਤਰ ਨੌਜਵਾਨਾਂ ਨੇ ਪਹਿਲਾਂ ਤਲਵਾੜਾ ਮੁਕੇਰੀਆਂ ਮੁੱਖ ਸੜਕ ’ਤੇ ਸੰਕੇਤਕ ਜਾਮ ਲਾ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਪਰੰਤ ਸ਼ਹਿਰ ਦੇ ਮੁੱਖ ਬਾਜ਼ਾਰ ’ਚ ਰੋਸ ਮਾਰਚ ਕੀਤਾ। ਰੋਸ ਮਾਰਚ ਮੁੱਖ ਬੱਸ ਸਟੈਂਡ ਤੋਂ ਹੁੰਦਾ ਹੋਇਆ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਕ ’ਚ ਪੁੱਜਿਆ, ਜਿੱਥੇ ਨੌਜਵਾਨਾਂ ਨੇ ਅੱਧਾ ਘੰਟਾ ਪੰਜਾਬ ਤੇ ਹਿਮਾਚਲ ਪ੍ਰਦੇਸ਼ ਤੋਂ ਆਉਂਦੀ ਟ੍ਰੈਫਿਕ ਰੋਕ ਕੇ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਨੂੰ ਉੱਘੇ ਟ੍ਰੇਡ ਯੂਨੀਅਨ ਆਗੂ ਜਸਵੀਰ ਸਿੰਘ ਨੇ ਵੀ ਸੰਬੋਧਨ ਕੀਤਾ। ਕੇਂਦਰ ਸਰਕਾਰ ਦੇ ਫੈਸਲੇ ਨੂੰ ਬੇਰੁਜ਼ਗਾਰੀ, ਦੇਸ਼ ਤੇ ਲੋਕ ਵਿਰੋਧੀ ਦੱਸਿਆ। ਇਸ ਮੌਕੇ ਫੌਜ ਦੀ ਭਰਤੀ ਦਾ ਫ਼ਿਜ਼ੀਕਲ ਟੈਸਟ ਪਾਸ ਸੁਰਜੀਤ ਸਿੰਘ ਬਹਿਲੱਖਣ, ਮਾਣਿਕ ਜਰਿਆਲ ਹਲੇੜ, ਸੰਜੀਵ ਗੌਤਮ ਬਟਵਾੜਾ, ਅਵਨੀਸ਼ ਦਾਤਾਰਪੁਰ ਆਦਿ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਫ਼ੌਜ ’ਚ ਭਰਤੀ ਲਈ ਤਿਆਰੀ ਕਰ ਰਹੇ ਹਨ। ਹੁਣ ਸਰਕਾਰ ਅਗਨੀਪਥ ਯੋਜਨਾ ਤਹਿਤ ਚਾਰ ਸਾਲ ਲਈ ਨੌਕਰੀ ਦੇਣ ਦੀ ਗੱਲ ਕਰ ਰਹੀ ਹੈ। ਚਾਰ ਸਾਲਾਂ ਬਾਅਦ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ। ਇਸ ਦੀ ਗਾਰੰਟੀ ਕੌਣ ਲਏਗਾ। ਸਰਕਾਰ ਦੇ ਹਥਿਆਰਬੰਦ ਬਲਾਂ ’ਚ ਚਾਰ ਸਾਲਾਂ ਲਈ ਅਗਨੀਵੀਰ ਭਰਤੀ ਕਰਨ ਦੇ ਫੈਸਲੇ ਨੇ ਉਨ੍ਹਾਂ ਦੀਆਂ ਭਵਿੱਖੀ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਨੌਜਵਾਨਾਂ ਨੇ ਕੇਂਦਰ ਸਰਕਾਰ ਦੇ ਫੈਸਲੇ ਦਾ ਤਿੱਖਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।
ਫਿਲੌਰ (ਪੱਤਰ ਪ੍ਰੇਰਕ) ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੱਦੇ ’ਤੇ ਬੇਗਮਪੁਰ ਬੱਸ ਸਟੈਂਡ ’ਤੇ ਅਗਨੀਪਥ ਸਕੀਮ ਦਾ ਵਿਰੋਧ ਕਰਦਿਆ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੁਤਲਾ ਫੂਕ ਮੁਜ਼ਾਹਰੇ ਦੀ ਅਗਵਾਈ ਤਹਿਸੀਲ ਪ੍ਰਧਾਨ ਗੁਰਦੀਪ ਗੋਗੀ ਨੇ ਕੀਤੀ। ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ, ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਕਿਹਾ ਕਿ ਅੰਬਾਨੀਆ, ਅਡਾਨੀਆ ਦੀ ਇਹ ਸਰਕਾਰ ਫੌਜ ਨੂੰ ਨਿੱਜੀ ਹੱਥਾਂ ’ਚ ਸੌਂਪਣ ਜਾ ਰਹੀ ਹੈ ਜੋ ਦੇਸ਼ ਲਈ ਬਹੁਤ ਖਤਰਨਾਕ ਹੈ।
ਸ਼ਾਹਕੋਟ (ਪੱਤਰ ਪ੍ਰੇਰਕ) ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਫੌਜ ਵਿੰਚ ਲਿਆਂਦੀ ਨਵੀਂ ਭਰਤੀ ਪ੍ਰਕਿਰਿਆ ਨੂੰ ਸਰਕਾਰ ਦੇ ਨਿਜੀਕਰਨ ਵੱਲ ਤੇਜ਼ੀ ਨਾਲ ਵਧਦੇ ਕਦਮ ਦੱਸਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਪੰਜਾਬ) ਜ਼ਿਲ੍ਹਾ ਜਲੰਧਰ ਨੇ ਇਸਨੂੰ ਰੁਜ਼ਗਾਰ ਤੇ ਬਹੁਤ ਵੱਡਾ ਹਮਲਾ ਦੱਸਿਆ। ਫਰੰਟ ਦੇ ਜ਼ਿਲ੍ਹਾ ਸਕੱਤਰ ਅਵਤਾਰ ਲਾਲ, ਵਿੱਤ ਸਕੱਤਰ ਗੁਰਮੁਖ ਸਿੰਘ ਸੰਧੂ, ਸੁਖਵਿੰਦਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਨੇ ਪ੍ਰੈੱਸ ਬਿਆਨ ’ਚ ਕਿਹਾ ਕਿ ਸਰਕਾਰ ਵੱਲੋਂ ਮਹਿਜ਼ ਚਾਰ ਸਾਲਾਂ ਦੇ ਰੁਜ਼ਗਾਰ ਲਈ ਲਿਆਂਦੀ ਇਹ ਯੋਜਨਾ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਘੋਰ ਹਨੇਰੇ ’ਚ ਧੱਕ ਦੇਵੇਗੀ।
ਅਗਨੀਪਥ ਦਾ ਫੈਸਲਾ ਵਾਪਸ ਲਵੇ ਕੇਂਦਰ ਸਰਕਾਰ: ਪੰਜਾਬ ਸਟੂਡੈਂਟਸ ਫੈਡਰੇਸ਼ਨ
ਮਾਨਸਰ (ਪੱਤਰ ਪ੍ਰੇਰਕ) ਅੱਜ ਦੇਸ਼ ਦੀ ਜਵਾਨੀ ਡਿਗਰੀਆਂ ਚੁੱਕੀ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੈ। ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਹਰ ਖੇਤਰ ਦੇ ਨਿੱਜੀਕਰਨ ਦੀਆਂ ਸਕੀਮਾਂ ਘੜ ਰਹੀ ਹੈ। ‘ਪੰਜਾਬ ਯੂਨੀਵਰਸਿਟੀ ਚੰਡੀਗੜ੍ਹ’ ਦੀ ਉਦਾਹਰਨ ਸਭ ਦੇ ਸਾਹਮਣੇ ਹੈ। ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਕੋ-ਕਨਵੀਨਰ ਹਰਜਿੰਦਰ ਕੌਰ ਗੋਲੀ, ਮੈਂਬਰ ਜਗਦੀਪ ਸਿੰਘ ਤੇ ਨਿਸ਼ਾ ਸੈਣੀ ਨੇ ਭੰਗਾਲਾ ’ਚ ਕਿਹਾ ਕਿ ਆਰਮੀ ਭਾਰਤ ਸਰਕਾਰ ਦਾ ਅਦਾਰਾ ਹੈ ਜਿਸ ਤੋਂ ਨੌਜਵਾਨਾਂ ਨੂੰ ਕੁਝ ਉਮੀਦ ਸੀ, ਪਰ ਨਿੱਜੀਕਰਨ ਤੇ ਪੂੰਜੀਵਾਦ ਦੀ ਬਿਮਾਰੀ ਨੇ ਇਸ ਖੇਤਰ ਨੂੰ ਵੀ ਦਬੋਚ ਲਿਆ। ਬਿਨਾਂ ਨੌਜਵਾਨਾਂ ਦੇ ਭਵਿੱਖ ਦਾ ਖਿਆਲ ਕਰਦਿਆਂ ਮੋਦੀ ਸਰਕਾਰ ਨੇ ਪੂੰਜੀਪਤੀਆਂ ਦੇ ਹੱਥੀਂ ਚੜ੍ਹ ਕੇ ‘ਅਗਨੀਪਥ ਯੋਜਨਾ’ ਦਾ ਐਲਾਨ ਬਿਲਕੁਲ ਉਂਝ ਹੀ ਕੀਤਾ ਹੈ ਜਿਵੇਂ ਕਿਸਾਨਾਂ ’ਤੇ ਕਾਲੇ ਕਾਨੂੰਨ ਥੋਪੇ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਆਪਣੀ ਜ਼ਮੀਰ ਨੂੰ ਗਿਰਵੀ ਰੱਖ ਕੇ ਹਰ ਖੇਤਰ ਦੇ ਨਿੱਜੀਕਰਨ ਦਾ ਐਲਾਨ ਕਰ ਰਹੀ ਹੈ, ਜੋ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ‘ਅਗਨੀਪਥ ਯੋਜਨਾ’ ਦਾ ਫੈ਼ਸਲਾ ਵਾਪਸ ਲਵੇ ਨਹੀਂ ਤਾਂ ਕਿਸਾਨੀ ਅੰਦੋਲਨ ਦੀ ਤਰ੍ਹਾਂ ਮੋਦੀ ਸਰਕਾਰ ਨੂੰ ਨੌਜਵਾਨਾਂ ਤੇ ਹਰ ਨਾਗਰਿਕ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।