ਪਾਲ ਸਿੰਘ ਨੌਲੀ
ਜਲੰਧਰ, 10 ਸਤੰਬਰ
ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਮੀਟਿੰਗ ਸੂਬਾਈ ਪ੍ਰਧਾਨ ਪਰਮਜੀਤ ਢਾਬਾਂ ਅਤੇ ਲਵਪ੍ਰੀਤ ਮਾੜੀ ਮੇਘਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਚਰਚਾ ਕਰਨ ਮਗਰੋਂ ਫ਼ੈਸਲਾ ਕੀਤਾ ਗਿਆ ਕਿ ਇਸ ਵਾਰ ਵੀ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਦੇਸ਼ ਭਗਤ ਯਾਦਗਾਰ ਜਲੰਧਰ ਵਿੱਚ ਵਾਲੰਟੀਅਰ ਸੰਮੇਲਨ ਅਤੇ ਮਾਰਚ ਕੀਤਾ ਜਾਵੇਗਾ। ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਨੌਜਵਾਨ ਅਤੇ ਵਿਦਿਆਰਥੀ ਭਗਤ ਸਿੰਘ ਦੀ ਫੋਟੋ ਵਾਲੀਆਂ ਲਾਲ ਟੀ ਸ਼ਰਟਾਂ ਪਹਿਨ ਕੇ ਸ਼ਮੂਲੀਅਤ ਕਰਨਗੇ।
ਸੂਬਾਈ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਤੇ ਵਰਿੰਦਰ ਖੁਰਾਣਾ ਨੇ ਦੱਸਿਆ ਕਿ ਆਪਣੇ ਮਹਾਨ ਨਾਇਕ ਭਗਤ ਸਿੰਘ ਦੇ ਜਨਮਦਿਨ ਨੂੰ ਇਨਕਲਾਬੀ ਸ਼ਾਨੋ-ਸ਼ੌਕਤ ਨਾਲ ਮਨਾਉਣ ਸਬੰਧੀ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂਆਂ ਅਤੇ ਕਾਰਕੁਨਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਦਿਨ ਨੂੰ ‘ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ’ (ਬਨੇਗਾ) ਦੀ ਪ੍ਰਾਪਤੀ ਸੰਕਲਪ ਦਿਵਸ ਵਜੋਂ ਮਨਾਉਂਦਿਆਂ ਲਾਲ ਵਰਦੀਆਂ ਪਹਿਨ ਕੇ ਜਲੰਧਰ ਦੇ ਬਜ਼ਾਰਾਂ ਵਿੱਚ ਵਾਲੰਟੀਅਰ ਸੰਮੇਲਨ ਅਤੇ ਮਾਰਚ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਲੰਟੀਅਰ ਸੰਮੇਲਨ ਅਤੇ ਮਾਰਚ ਦਾ ਮਕਸਦ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ, ਬਨੇਗਾ ਦੀ ਪ੍ਰਾਪਤੀ ਲਈ ਬੇਰੁਜ਼ਗਾਰਾਂ ਦੀ ਲਾਮਬੰਦੀ ਕਰਨਾ ਹੈ।
ਵਿਦਿਆਰਥੀ ਆਗੂਆਂ ਨੇ ਪੰਜਾਬ ਵਿੱਚ ਰੁਜ਼ਗਾਰ ਦੀ ਮੰਗ ਲਈ ਸੰਘਰਸ਼ ਕਰਦੀਆਂ ਵੱਖ ਵੱਖ ਯੂਨੀਅਨਾਂ ਅਤੇ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਵੀ ਭਗਤ ਸਿੰਘ ਦੇ ਜਨਮ ਦਿਨ ਮੌਕੇ ਜਲੰਧਰ ਵਿੱਚ ਵਾਲੰਟੀਅਰ ਸੰਮੇਲਨ ਅਤੇ ਮਾਰਚ ਵਿੱਚ ਆਪਣੇ ਕੇਡਰ ਸਮੇਤ ਬੈਨਰਾਂ ਝੰਡਿਆਂ ਸ਼ਾਮਲ ਹੋਣ। ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਮੀਟਿੰਗ ਵਿੱਚ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ, ਵਿਦਿਆਰਥੀਆਂ ਦੇ ਕੌਮੀ ਸਕੱਤਰ ਵਿਕੀ ਮਹੇਸਰੀ, ਲੜਕੀਆਂ ਦੀ ਕੌਮੀ ਕਨਵੀਨਰ ਕਰਮਵੀਰ ਬਧਨੀ, ਹਰਭਜਨ ਛਪੜੀ ਵਾਲਾ, ਨਵਜੀਤ ਸੰਗਰੂਰ, ਸੁਖਵਿੰਦਰ ਮਲੋਟ, ਗੁਰਪ੍ਰੀਤ ਫਰੀਦਕੋਟ, ਰਜਨੀ ਮੋਹਕਮਪੁਰਾ, ਗੁਰਦਿੱਤ ਦੀਨਾ, ਜਸਪ੍ਰੀਤ ਬਧਨੀ, ਪ੍ਰਿਤਪਾਲ ਸਿੰਘ, ਦੀਪਕ ਲੁਧਿਆਣਾ, ਪਰਮਿੰਦਰ ਰਹਿਮੇ ਸ਼ਾਹ, ਪਿਆਰਾ ਮੇਘਾ, ਸੰਦੀਪ ਜੋਧਾ ਤੇ ਸੁਬੇਗ ਫਾਜ਼ਿਲਕਾ ਹਾਜ਼ਰ ਸਨ