ਪੱਤਰ ਪ੍ਰੇਰਕ
ਗੜ੍ਹਸ਼ੰਕਰ, 5 ਜੂਨ
ਇਕ ਪਾਸੇ ਅੱਜ ਪੂਰੇ ਵਿਸ਼ਵ ਵਿੱਚ ਵਾਤਾਵਰਨ ਦਿਵਸ ਮਨਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਕਰੋਨਾ ਵਰਗੀ ਮਹਾਂਮਾਰੀ ਨਾਲ ਲੜਨ ਲਈ ਵੱਧ ਤੋਂ ਵੱਧ ਕੁਦਰਤੀ ਆਕਸੀਜਨ ਪੈਦਾ ਕੀਤੀ ਜਾ ਸਕੇ ਦੂਜੇ ਪਾਸੇ ਖੇਤਰ ਦੇ ਕਸਬਾ ਚੱਬੇਵਾਲ ਵਿੱਚ ਅੱਜ ਅੰਬਾਂ ਦੇ ਕਰੀਬ ਅੱਸੀ ਸਾਲ ਪੁਰਾਣੇ ਦਰੱਖਤਾਂ ‘ਤੇ ਕੁਹਾੜਾ ਚੱਲਿਆ ਹੈ। ਅੰਬਾਂ ਦੇ ਇਹ ਦੋ ਪੌਦੇ ਅੰਬਾਂ ਦੇ ਫਲਾਂ ਨਾਲ ਭਰਪੂਰ ਸਨ ਜਿਨ੍ਹਾਂ ਨੂੰ ਕੱਟ ਕੇ ਜ਼ਮੀਨ ਨੂੰ ਵਪਾਰਕ ਵਰਤੋਂ ਲਈ ਤਿਆਰ ਕਰਨ ਦੇ ਮਨਸੂਬੇ ਨੇਪਰੇ ਚੜ੍ਹਾਏ ਗਏ। ਕਸਬਾ ਚੱਬੇਵਾਲ ਵਿੱਚ ਪਿੰਡ ਭਾਮ ਰੋਡ ’ਤੇ ਅੱਜ ਸਵੇਰ ਤੋਂ ਹੀ ਜ਼ਮੀਨ ਦੇ ਮਾਲਕ ਵੱਲੋਂ ਆਪਣੀ ਜ਼ਮੀਨ ਵਿੱਚ ਲੱਗੇ ਅੰਬਾਂ ਦੇ ਦੋ ਵਿਸ਼ਾਲ ਦਰੱਖਤ ਕੱਟਣ ਨਾਲ ਇਲਾਕੇ ਦੇ ਲੋਕ ਹੈਰਾਨ ਰਹਿ ਗਏ। ਇਲਾਕੇ ਦੇ ਲੋਕਾਂ ਅਨੁਸਾਰ ਉਕਤ ਥਾਂ ਦੀ ਵਪਾਰਕ ਵਰਤੋਂ ਕਰਨ ਦੇ ਉਦੇਸ਼ ਨਾਲ ਅੰਬਾਂ ਦੇ ਦਰੱਖ਼ਤ ਕੱਟੇ ਗਏ ਹਨ। ਇਸ ਸਬੰਧੀ ਵਣ ਰੇਂਜ ਅਫ਼ਸਰ ਸੰਜੀਵ ਕੁਮਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਸਪੱਸ਼ਟ ਨਹੀਂ ਦੱਸ ਸਕਦੇ ਅਤੇ ਨਿਯਮਾਂ ਦੀ ਉਲੰਘਣਾ ’ਤੇ ਕਾਰਵਾਈ ਹੋਵੇਗੀ।