ਸ਼ਹਿਰਵਾਸੀਆਂ ਨੂੰ ਸਾਫ਼ ਵਾਤਾਵਰਨ ਲਈ ਪ੍ਰੇਰਿਆ
ਗੁਰਦੇਵ ਸਿੰਘ ਗਹੂੰਣ
ਬਲਾਚੌਰ, 10 ਸਤੰਬਰ
ਪੰਜਾਬ ਸਰਕਾਰ ਵਲੋਂ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਹਿਤ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਕੌਂਸਲ ਬਲਾਚੌਰ ਵਲੋਂ ਬਲਾਚੌਰ ਸ਼ਹਿਰ ਨੂੰ ਪੌਲੀਥੀਨ ਮੁਕਤ ਕਰਨ ਲਈ ਸ਼ਹਿਰ ਦੇ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਜਾਗਰੂਕ ਕਰਨ ਸਬੰਧੀ ਆਰੰਭੀ ਗਈ ਮੁਹਿੰਮ ਨੂੰ ਭਰਪੂਰ ਕਾਮਯਾਬੀ ਮਿਲੀ ਹੈ। ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਟਿੰਕੂ ਘਈ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਪੌਲੀਥੀਨ ਮੁਕਤ ਮੁਹਿੰਮ ਵਿੱਚ ਬਿਪਨ ਕੁਮਾਰ ਅਤੇ ਸ਼ਿਵ ਚਰਨ ਆਦਿ ਅਧਿਕਾਰੀਆਂ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਨੇ ਸ਼ਹਿਰ ਦੇ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਜਾਗਰੂਕ ਕਰਨ ਹਿਤ ਮੁਹਿੰਮ ਚਲਾਈ, ਜਿਸ ਦੇ ਸਾਰਥਿਕ ਨਤੀਜੇ ਪ੍ਰਾਪਤ ਹੋਏ ਹਨ। ਸ੍ਰੀ ਟਿੰਕੂ ਘਈ ਨੇ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਭਰਪੂਰ ਹੰਭਲੇ ਅਤੇ ਦੁਕਾਨਦਾਰਾਂ ਦੇ ਸਹਿਯੋਗ ਸਦਕਾ ਬਲਾਚੌਰ ਸ਼ਹਿਰ ਨੂੰ ਪੌਲੀਥੀਨ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਵਪਾਰੀ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੌਲੀਥੀਨ ਦੀ ਵਰਤੋਂ ਬਿਲਕੁਲ ਨਾ ਕਰਨ, ਤਾਂ ਜੋ ਸ਼ਹਿਰ ਨੂੰ ਵਾਤਾਵਰਨ ਪ੍ਰਦੂਸ਼ਣ ਤੋਂ ਮੁਕਤ ਰੱਖਿਆ ਜਾ ਸਕੇ।
ਕੈਪਸ਼ਨ- ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਟਿੰਕੂ ਘਈ ਸ਼ਹਿਰ ਨੂੰ ਪੌਲੀਥੀਨ ਮੁਕਤ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ।