ਪਾਲ ਸਿੰਘ ਨੌਲੀ
ਜਲੰਧਰ, 13 ਜਨਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਤੇ ਆਮ ਲੋਕਾਂ ਨੇ ਅੱਜ ਖੇਤੀ ਦੇ ਕਾਲੇ ਕਾਨੂੰਨਾਂ ਦੀ ਧੂਣੀ ਬਾਲ ਕੇ ਲੋਹੜੀ ਦਾ ਤਿਓਹਾਰ ਮਨਾਇਆ। ਪੰਜਾਬ ਦੇ ਲੋਕਾਂ ਇਸ ਵਾਰ ਲੋਹੜੀ ’ਤੇ ਸਾਰਾ ਗੁੱਸਾ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਕੱਢਿਆ। ਦੇਸ਼ ਭਗਤ ਯਾਦਗਾਰ ਹਾਲ ਵਿਚ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਖਜ਼ਾਨਚੀ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਕਮੇਟੀ ਦੇ ਚਰੰਜੀ ਲਾਲ ਕੰਗਣੀਵਾਲ, ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਕ੍ਰਿਸ਼ਨਾ, ਬਹੁਜਨ ਸਮਾਜ ਫਰੰਟ ਦੇ ਆਗੂ ਸੁਖਵਿੰਦਰ ਸਿੰਘ ਕੋਟਲੀ ਤੇ ਜਗਦੀਸ਼ ਚੋਹਕਾਂ ਅਤੇ ਇਸ ਮੌਕੇ ਜੁੜੇ ਕਿੰਨੀਆਂ ਹੀ ਸਾਹਿਤਕ, ਸਭਿਆਚਾਰਕ, ਸਮਾਜਕ, ਨੌਜਵਾਨ, ਤਰਕਸ਼ੀਲ, ਜਮਹੂਰੀ ਸੰਸਥਾਵਾਂ ਦੇ ਪ੍ਰਤੀਨਿਧਾਂ ਦੀ ਅਗਵਾਈ ’ਚ ਕਾਰਕੁਨਾਂ ਨੇ ਸ਼ਿਰਕਤ ਕੀਤੀ ਅਤੇ ਇਕੱਠ ਨੇ ਕਾਲ਼ੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਦੇ ਹੋਏ ਮੰਗ ਕੀਤੀ ਕਿ ਮੋਦੀ ਸਰਕਾਰ ਬਿਨ੍ਹਾਂ ਕਿਸੇ ਦੇਰੀ ਦੇ ਸਾਰੇ ਕਾਲ਼ੇ ਕਾਨੂੰਨ ਤੁਰੰਤ ਰੱਦ ਕਰੇ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਇਕਾਈ ਦੀ ਅਗਵਾਈ ਹੇਠ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ। ਇਸੇ ਤਰ੍ਹਾਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਸਾਂਝੇ ਤੌਰ ’ਤੇ ਇਲਾਕੇ ਦੇ ਪਿੰਡਾਂ ਮਾਲੜੀ, ਨੂਰਪੁਰ ਚੱਠਾ, ਉੱਗੀ ਅਤੇ ਕਸਬਾ ਮਲਸੀਆ ਵਿਖੇ ਮਜ਼ਦੂਰਾਂ ਕਿਸਾਨਾਂ ਦੇ ਸਾਂਝੇ ਇਕੱਠ ਦੌਰਾਨ ਲੋਹੜੀ ਦੇ ਧੂਣੇ ਬਾਲੇ ਜਿਸ ਵਿਚ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਕੰਪਨੀ ਬਾਗ ਚੌਂਕ ਵਿਚ ਸਿੱਖ ਤਾਲਮੇਲ ਕਮੇਟੀ, ਆਵਾਜ਼-ਏ-ਕੌਮ ਜੱਟ ਸਿੱਖ ਐਸੋਸੀਏਸ਼ਨ ਤੇ ਫਿਕਰੇ ਹੋਂਦ ਪੰਜਾਬ ਯੂਥ ਆਰਗੇਨਾਈਜੇਸ਼ਨ ਦੇ ਆਗੂਆਂ ਨੇ ਜਿਥੇ ਇਨ੍ਹਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਉਥੇ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਤੇ ਸੁਰਜੀਤ ਜਿਆਣੀ ਦੀਆਂ ਤਸਵੀਰਾਂ ਵਾਲੀਆਂ ਫਲੈਕਸਾਂ ਵੀ ਸਾੜੀਆਂ। ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਵੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਦਾ ਤਿਓਹਾਰ ਮਨਾਇਆ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਗੁਰਮੇਲ ਸਿੰਘ ਲੱਧੜ, ਸਕੱਤਰ ਸੰਦੀਪ ਸਿੰਘ ਸੰਘਾ, ਐਡਵੋਕੇਟ ਰਜਿੰਦਰ ਸਿੰਘ ਮੰਡ, ਪਰਮਿੰਦਰ ਸਿੰਘ ਢਿੱਲੋਂ ਤੇ ਸੁਰਜੀਤ ਸਿੰਘ ਕਾਹਲੋਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤਿੰਨੋਂ ਕਾਨੂੰਨ ਵਾਪਸ ਕੀਤੇ ਜਾਣ।