ਮੁਕੇਰੀਆਂ: ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਨੇ ਬੀਡੀਪੀਓ ਮੁਕੇਰੀਆਂ ਉੱਤੇ ਪਿੰਡ ਮਹਿਮੂਦਪੁਰ ਦੇ ਪੰਚਾਇਤੀ ਫੰਡਾਂ ਦੀ ਜਾਣਕਾਰੀ ਸੂਚਨਾ ਅਧਿਕਾਰ ਐਕਟ ਅਧੀਨ ਜਾਣਬੁੱਝ ਕੇ ਨਾ ਦੇਣ ਦੇ ਦੋਸ਼ ਲਗਾਏ ਹਨ। ਉੱਧਰ ਬੀਡੀਪੀਓ ਦਾ ਦਾਅਵਾ ਹੈ ਕਿ ਜਾਣਕਾਰੀ ਦੇਣ ਲਈ ਹੇਠਲੇ ਸਰਪੰਚ ਤੇ ਪੰਚਾਇਤ ਸਕੱਤਰ ਨੂੰ ਹਦਾਇਤ ਕੀਤੀ ਗਈ ਹੈ। ਭਾਜਪਾ ਦੇ ਕਿਸਾਨ ਆਗੂ ਨਰਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਉਸ ਨੇ ਕਰੀਬ ਡੇਢ ਮਹੀਨਾ ਪਹਿਲਾਂ ਬੀਡੀਪੀਓ ਮੁਕੇਰੀਆਂ ਕੋਲੋਂ ਬਲਾਕ ਦੇ ਪਿੰਡ ਮਹਿਮੂਦਪੁਰ ਦੇ ਪੰਚਾਇਤੀ ਫੰਡਾਂ ਬਿਾਰੇ ਜਾਣਕਾਰੀ ਮੰਗੀ ਸੀ, ਪਰ ਉਨ੍ਹਾਂ ਨੂੰ ਐਕਟ ਅਧੀਨ ਸਮੇਂ ਤੋਂ ਵੱਧ ਗੁਜ਼ਰ ਜਾਣ ਦੇ ਬਾਵਜੂਦ ਕੋਈ ਜਾਣਕਾਰੀ ਦਿੱਤੀ ਜਾ ਰਹੀ। ਉਨ੍ਹਾਂ ਕਿ ਪਿਛਲੀ ਸਰਕਾਰ ਦੇ ਚਹੇਤੇ ਸਰਪੰਚ ’ਤੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਲਾਏ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਸੂਚਨਾ ਦੀ ਮੰਗ ਕੀਤੀ ਹੈ। ਉਧਰ ਬੀਡੀਪੀਓ ਮੁਕੇਰੀਆ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਸਬੰਧਤ ਜਾਣਕਾਰੀ ਦੇਣ ਲਈ ਹੇਠਲੇ ਪੱਧਰ ’ਤੇ ਪੰਚਾਇਤ ਸਕੱਤਰ ਤੇ ਸਰਪੰਚ ਨੂੰ ਪੱਤਰ ਲਿਖਿਆ ਹੈ, ਜੇ ਸ਼ਿਕਾਇਤ ਕਰਤਾ ਨੂੰ ਜਾਣਕਾਰੀ ਨਹੀਂ ਮਿਲੀ ਤਾਂ ਉਹ ਅਪੀਲ ਕਰ ਸਕਦੇ ਹਨ। -ਪੱਤਰ ਪ੍ਰੇਰਕ